''ਸਮਾਰਟਫੋਨ'' ਨੂੰ ਇਕ ਸ਼ਕਤੀਸ਼ਾਲੀ ਹਥਿਆਰ ਵਾਂਗ ਵਰਤਦੇ ਨੇ ਅੱਤਵਾਦੀ

11/13/2018 2:16:35 PM

ਪੈਰਿਸ— ਬੰਬ ਤੇ ਬੰਦੂਕਾਂ ਤੋਂ ਪਰੇ 'ਸਮਾਰਟਫੋਨ' ਅੱਤਵਾਦੀਆਂ ਲਈ ਇਕ ਸ਼ਕਤੀਸ਼ਾਲੀ ਹਥਿਆਰ ਸਾਬਿਤ ਹੋ ਸਕਦਾ ਹੈ ਪਰ ਨਾਲ ਹੀ ਇਹ ਖੂਫੀਆ ਸੇਵਾਵਾਂ ਲਈ ਉਨ੍ਹਾਂ ਦਾ (ਅੱਤਵਾਦੀਆਂ ਦਾ) ਪਤਾ ਲਾਉਣ ਦਾ ਇਕ ਤਰੀਕਾ ਵੀ ਬਣ ਸਕਦਾ ਹੈ। ਅੱਜ ਤੋਂ ਠੀਕ ਤਿੰਨ ਸਾਲ ਪਹਿਲਾਂ 13 ਨਵੰਬਰ 2015 ਨੂੰ ਪੈਰਿਸ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਇੰਨੇ ਵੱਡੇ ਪੱਧਰ 'ਤੇ ਹਮਲੇ ਦੀ ਤਿਆਰੀ ਬਿਨਾਂ ਫੋਨ ਦੇ ਨਹੀਂ ਹੋ ਸਕਦੀ ਸੀ।

ਸਾਬਕਾ ਫ੍ਰਾਂਸੀਸੀ ਅੱਤਵਾਦ ਰੋਕੂ ਅਧਿਕਾਰੀ ਨੇ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਸਲਾਮਿਕ ਸਟੇਟ ਸਮੂਹ ਦੇ ਬੰਦੂਕਧਾਰੀ ਤੇ ਹਮਲਾਵਰ, ਜਿਨ੍ਹਾਂ ਨੇ 'ਬੈਟਾਕਲਾਨ ਕਾਨਸਰਟ ਹਾਲ' ਤੇ ਨਾਈਟਲਾਈਫ ਵਾਲੀਆਂ ਹੋਰਾਂ ਥਾਵਾਂ 'ਤੇ ਹਮਲਾ ਕੀਤਾ ਉਨ੍ਹਾਂ ਨੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਲਈ ਆਪਸ 'ਚ ਤਾਲਮੇਲ ਸਥਾਪਿਤ ਕਰਨ ਲਈ ਇਸ ਦਾ (ਫੋਨ ਦਾ) ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਸੀ। 'ਬੈਟਾਕਲਾਨ ਕਾਨਸਰਟ ਹਾਲ' 'ਚ ਹੋਏ ਹਮਲੇ 'ਚ 90 ਲੋਕ ਮਾਰੇ ਗਏ ਸਨ। ਇਥੇ ਦਾਖਲ ਹੋਣ ਤੋਂ ਤੁਰੰਤ ਪਹਿਲਾਂ ਹਮਲਾਵਰਾਂ ਨੇ ਬੈਲਜੀਅਮ 'ਚ ਆਪਣੇ ਸਹਿਯੋਗੀਆਂ ਨੂੰ ਸੰਦੇਸ਼ ਭੇਜਿਆ ਸੀ, 'ਅਸੀਂ ਅੱਗੇ ਜਾ ਰਹੇ ਹਾਂ। ਇਹ ਸ਼ੁਰੂ ਹੋ ਗਿਆ ਹੈ।'

ਪੈਰਿਸ ਹਮਲੇ ਤੋਂ ਪਹਿਲਾਂ ਵੀ ਅਜਿਹੇ ਕਈ ਮੌਕੇ ਆਏ ਜਦੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਮਾਰਟਫੋਨ ਦੀ ਵਰਤੋਂ ਕੀਤੀ ਗਈ। ਸਾਬਕਾ ਅਧਿਕਾਰੀ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਇਰਾਕ ਸਾਲ 2003 'ਚ ਅਮਰੀਕੀ ਕਾਫਿਲੇ ਦੇ ਗੁਜ਼ਰਦੇ ਸਮੇਂ ਐੱਸ.ਐੱਮ.ਐੱਸ. ਭੇਜ ਕੇ ਬੰਬ ਧਮਾਕੇ ਕੀਤੇ ਗਏ ਸਨ। ਇਸ ਤੋਂ ਬਾਅਦ ਅਲ-ਕਾਇਦਾ ਨੇ ਲਗਾਤਾਰ ਇਸ ਦੀ ਵਰਤੋਂ ਕੀਤੀ। ਇੰਨੀਂ ਦਿਨੀਂ ਟੈਲੀਗ੍ਰਾਮ, ਵਾਇਰ ਤੇ ਵਟਸਐਪ ਵਰਗੀਆਂ ਐਪਸ ਵੀ ਜਿਹਾਦੀਆਂ ਦੀ ਮਦਦ ਕਰ ਰਹੀਆਂ ਹਨ। ਪਿਛਲੇ ਕੁਝ ਸਾਲਾਂ 'ਚ ਆਈ.ਐੱਸ. ਨੇ ਕਈ ਇਲਾਕਿਆਂ 'ਚ ਆਨਲਾਈਨ ਟਿਊਟੋਰੀਅਲ ਪ੍ਰਕਾਸ਼ਿਤ ਕੀਤੇ ਹਨ, ਜੋ ਜਿਹਾਦੀਆਂ ਨੂੰ ਦੱਸਦੇ ਹਨ ਕਿ ਜੰਗ ਵਾਲੇ ਇਲਾਕੇ 'ਚ ਸਭ ਤੋਂ ਚੰਗਾ ਸਾਫਟਵੇਅਰ ਕਿਵੇਂ ਚੁਣੀਏ।

ਸੁਰੱਖਿਆ ਸਮੂਹ 'ਸਿਮੇਂਟੇਕ' 'ਚ ਸੁਰੱਖਿਆ ਰਣਨੀਤੀਆਂ ਦੇ ਨਿਰਦੇਸ਼ਕ ਲਾਰਿਨ ਹੈਸਲਾਲਟ ਨੇ ਕਿਹਾ ਕਿ ਫੋਨ ਹੁਣ ਸਿਰਫ ਫੋਨ ਨਹੀਂ ਰਿਹਾ ਹੈ... ਇਹ ਹੁਣ ਕੰਪਿਊਟਰ ਹੈ। ਸੇਵਾਮੁਕਤ ਅਧਿਕਾਰੀ ਨੇ ਕਿਹਾ ਕਿ ਸਕ੍ਰੀਨ 'ਤੇ ਇਕ ਸਵਾਈਪ ਦੇ ਨਾਲ ਹੀ ਸਮਾਰਟਫੋਨ ਲੋਕਾਂ ਤੱਕ ਪਹੁੰਚਣ 'ਚ ਸਮਰਥ ਬਣਾ ਦਿੰਦਾ ਹੈ। ਜਿਸ ਨਾਲ ਜਿਹਾਦੀਆਂ ਲਈ ਨਵੇਂ ਮੈਂਬਰਾਂ ਨੂੰ ਖੁਦ ਨਾਲ ਜੋੜਨਾ ਆਸਾਨ ਹੋ ਜਾਂਦਾ ਹੈ। ਦੂਜੇ ਪਾਸੇ ਸਰਕਾਰ ਨੇ ਵੀ ਕੱਟੜਪੰਥੀਆਂ ਦਾ ਪਤਾ ਲਾਉਣ ਲਈ ਫੋਨ ਡਾਟਾ ਦਾ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਹੈ। ਸਾਬਕਾ ਫ੍ਰਾਂਸੀਸੀ ਅਧਿਕਾਰੀ ਨੇ ਦੱਸਿਆ ਕਿ ਮਾਲੀ 'ਚ ਫ੍ਰਾਂਸੀਸੀ ਫੌਜੀ ਅਧਿਕਾਰੀਆਂ ਨੇ ਸਾਲ 2013 'ਚ ਜਿਹਾਦੀਆਂ ਦੇ ਦੇਸ਼ ਦੇ ਉੱਤਰੀ ਹਿੱਸੇ 'ਤੇ ਕਬਜ਼ਾ ਕਰਨ ਤੋਂ ਬਾਅਦ ਫੋਨ ਡਾਟਾ ਦੇ ਆਧਾਰ 'ਤੇ ਹੀ ਹਵਾਈ ਹਮਲੇ ਕਰਨ ਲਈ ਸਥਾਨਾਂ ਨੂੰ ਚੁਣਿਆ ਸੀ। ਉਨ੍ਹਾਂ ਕਿਹਾ ਕਿ ਅੱਜਕਲ ਸਾਰੇ ਹਵਾਈ ਹਮਲੇ ਫੋਨ 'ਤੇ ਹੀ ਕੇਂਦਰਿਤ ਹੁੰਦੇ ਹਨ।


Baljit Singh

Content Editor

Related News