''ਸਪੁਤਨਿਕ-ਵੀ'' ਟੀਕੇ ਦੀ ਵਰਤੋਂ ਕਰਨ ਵਾਲਾ ਯੂਰਪੀ ਸੰਘ ਦਾ ਦੂਜਾ ਦੇਸ਼ ਬਣਿਆ ਸਲੋਵਾਕੀਆ
Monday, Jun 07, 2021 - 05:11 PM (IST)
ਬ੍ਰਾਤਿਸਲਾਵਾ (ਭਾਸ਼ਾ): ਸਲੋਵਾਕੀਆ ਰੂਸ ਵੱਲੋਂ ਬਣਾਏ 'ਸਪੁਤਨਿਕ-ਵੀ' ਟੀਕੇ ਦੀ ਵਰਤੋਂ ਕਰਨਾ ਵਾਲਾ ਯੂਰਪੀ ਸੰਘ ਦਾ ਦੂਜਾ ਦੇਸ਼ ਬਣ ਗਿਆ ਹੈ। ਸਲੋਵਾਕੀਆ ਵਿਚ ਸਪੂਤਨਿਕ-ਵੀ ਟੀਕੇ ਦੀਆਂ 2 ਲੱਖ ਖੁਰਾਕਾਂ ਉਪਲਬਧ ਹਨ ਅਤੇ 26 ਮਈ ਨੂੰ ਇਸ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ 54 ਲੱਖ ਦੀ ਆਬਾਦੀ ਵਾਲੇ ਦੇਸ਼ ਵਿਚ ਦੋ ਟੀਕੇ ਲਗਾਉਣ ਲਈ ਹੁਣ ਤੱਕ ਲੱਗਭਗ 5 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਪੜ੍ਹੋ ਇਹ ਅਹਿਮ ਖਬਰ- ਵੈਕਸੀਨ ਵਿਵਾਦ ਸੰਬੰਧੀ ਹੱਲ ਲਈ 'ਫਾਈਜ਼ਰ' ਨੇ ਰੱਖੀ ਇਹ ਮੰਗ
ਹੰਗਰੀ ਸਪੁਤਨਿਕ-ਵੀ ਦੀ ਵਰਤੋਂ ਕਰਨ ਵਾਲਾ ਯੂਰਪੀ ਸੰਘ ਦਾ ਪਹਿਲਾ ਦੇਸ਼ ਸੀ। ਸਲੋਵਾਕੀਆ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਗੋਰ ਮਾਤੋਵਿਚ ਵੱਲੋਂ ਸਪੁਤਨਿਕ-ਵੀ ਦੀਆਂ 20 ਲੱਖ ਖੁਰਾਕਾਂ ਖਰੀਦਣ ਲਈ ਇਕ ਗੁਪਤ ਸਮਝੌਤੇ ਕਾਰਨ ਮਾਰਚ ਵਿਚ ਇਕ ਰਾਜਨੀਤਕ ਸੰਕਟ ਪੈਦਾ ਹੋ ਗਿਆ ਸੀ। ਜਿਸ ਦੇ ਨਤੀਜੇ ਵਜੋਂ ਸਲੋਵਾਕੀਆ ਵਿਚ ਸਰਕਾਰ ਡਿੱਗ ਪਈ ਸੀ। ਸਲੋਵਾਕੀਆ ਵਿਚ ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜ਼ੈਨੇਕਾ ਦੇ ਟੀਕਿਆਂ ਦੀ ਵਰਤੋਂ ਹੋ ਰਹੀ ਹੈ ਅਤੇ ਦੇਸ਼ ਵਿਚ ਜਾਨਸਨ ਐਂਡ ਜਾਨਸਨ ਟੀਕਿਆਂ ਦੀ ਵੀ ਵਰਤੋਂ ਕੀਤੀ ਜਾਵੇਗੀ। ਇਹਨਾਂ ਸਾਰੇ ਟੀਕਿਆਂ ਨੂੰ ਯੂਰਪੀ ਮੈਡੀਸਨ ਏਜੰਸੀ (ਈ.ਐੱਮ.ਏ.) ਵੱਲੋਂ ਅਧਿਕਾਰਤ ਕੀਤਾ ਗਿਆ ਹੈ। ਸਪੁਤਨਿਕ-ਵੀ 18 ਤੋਂ 60 ਸਾਲ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ 8 ਟੀਕਾਕਰਨ ਕੇਂਦਰਾਂ ਵਿਚ ਉਪਲਬਧ ਹੈ।