ਊਠ ਦਾ ਪੈਰ ਵੱਢਣ ਦੇ ਦੋਸ਼ ''ਚ 6 ਲੋਕ ਗ੍ਰਿਫ਼ਤਾਰ, ਦੁਬਈ ਤੋਂ ਮੰਗਵਾਇਆ ਗਿਆ ਨਕਲੀ ਪੈਰ

Tuesday, Jun 18, 2024 - 01:02 PM (IST)

ਊਠ ਦਾ ਪੈਰ ਵੱਢਣ ਦੇ ਦੋਸ਼ ''ਚ 6 ਲੋਕ ਗ੍ਰਿਫ਼ਤਾਰ, ਦੁਬਈ ਤੋਂ ਮੰਗਵਾਇਆ ਗਿਆ ਨਕਲੀ ਪੈਰ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਚਾਰੇ ਦੀ ਭਾਲ ਵਿਚ ਖੇਤ ਵਿਚ ਵੜਨ ਵਾਲੇ ਊਠ ਦਾ ਪੈਰ ਵੱਢਣ ਦੇ ਦੋਸ਼ ਵਿਚ ਇਕ ਮਕਾਨ ਮਾਲਕ ਅਤੇ ਉਸ ਦੇ 5 ਨੌਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਨਾਲ ਸਦਮੇ 'ਚ ਸੀਨੀਅਰ ਰਾਜਨੇਤਾ ਊਠ ਲਈ ਹੁਣ ਦੁਬਈ ਤੋਂ ਨਕਲੀ ਪੈਰ ਦੀ ਵਿਵਸਥਾ ਕਰ ਰਹੇ ਹਨ। ਪਿਛਲੇ ਹਫ਼ਤੇ ਸੰਘਰ ਜ਼ਿਲ੍ਹੇ ਦੇ ਮੁੰਡ ਜਮਰਾਵ ਪਿੰਡ 'ਚ ਊਠ ਦਾ ਸੱਜਾ ਪੈਰ ਵੱਢਣ ਤੋਂ ਬਾਅਦ ਵੱਢੇ ਹੋਏ ਪੈਰ ਨੂੰ ਹੱਥ 'ਚ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਰੂਸਤਮ ਸ਼ਾਰ ਅਤੇ ਉਸ ਦੇ 5 ਨੌਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋਇਆ ਅਤੇ ਪਸ਼ੂ ਅਧਿਕਾਰ ਸੰਗਠਨਾਂ ਅਤੇ ਲੋਕਾਂ ਨੇ ਸਰਕਾਰ ਤੋਂ ਮਕਾਨ ਮਾਲਕ ਖ਼ਿਲਾਫ਼ ਇਸ ਬੇਰਹਿਮ ਹਰਕਤ ਲਈ ਕਾਰਵਾਈ ਦੀ ਮੰਗ ਕੀਤੀ।  ਊਠ ਦੇ ਮਾਲਕ ਅਤੇ ਕਿਸਾਨ ਸੁਮੇਰ ਬੇਹਾਨ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਨਹੀਂ ਦਿੱਤੀ ਪਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਉਸ ਨਾਲ ਸੰਪਰਕ ਕੀਤਾ। ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਦੇ ਨਿਰਦੇਸ਼ਾਂ 'ਤੇ ਸ਼ੈਲਟਰ ਦਾ ਦੌਰਾ ਕਰਨ ਤੋਂ ਬਾਅਦ ਪਸ਼ੂ ਧਨ ਸਕੱਤਰ ਕਾਜ਼ਿਮ ਜਾਟੋ ਨੇ ਕਿਹਾ,"ਊਠ ਨੂੰ ਤੁਰੰਤ ਕਰਾਚੀ ਸਥਿਤ ਵਿਆਪਕ ਡਿਜ਼ਾਸਟਰ ਰਿਸਪਾਂਸ ਸਰਵਿਸ (ਸੀਡੀਆਰਐੱਸ) ਪਸ਼ੂ ਆਸਰਾ ਸਥਾਨ ਲਿਜਾਇਆ ਗਿਆ ਅਤੇ ਉਸ ਲਈ ਦੁਬਈ ਤੋਂ ਨਕਲੀ ਪੈਰ ਮੰਗਵਾਇਆ ਗਿਆ ਹੈ।''

ਸਕੱਤਰ ਨੇ ਦੱਸਿਆ ਕਿ ਸਿੰਧ ਸਰਕਾਰ ਨੇ ਊਠ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਦੁਬਈ ਤੋਂ ਊਠ ਲਈ ਨਕਲੀ ਪੈਰ ਦੀ ਵਿਵਸਥਾ ਕਰ ਰਹੇ ਹਨ। ਜਾਟੋ ਨੇ ਦੱਸਿਆ ਕਿ ਊਠ ਦੇ ਪੈਰ 'ਚ ਸੁਧਾਰ ਹੋ ਰਿਹਾ ਹੈ ਅਤੇ ਉਸ ਦੇ ਇਲਾਜ ਲਈ ਅਗਲੇ ਪੜਾਅ ਬਾਰੇ ਫ਼ੈਸਲਾ ਲੈਣ ਲਈ ਮੰਗਲਵਾਰ ਨੂੰ ਉਸ ਦਾ ਐਕਸਰੇਅ ਕਰਵਾਇਆ ਜਾਵੇਗਾ। ਪੁਲਸ ਨੇ ਦੱਸਿਆ ਕਿ ਕਿਸਾਨ ਨੇ ਅਪਰਾਧੀ ਦੀ ਪਛਾਣ ਕਰਨ ਅਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਰਾਜ ਵਲੋਂ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਵਲੋਂ ਦਰਜ ਕੀਤੀ ਗਈ ਇਕ ਹੋਰ ਐੱਫ.ਆਈ.ਆਰ. 'ਚ ਦੱਸਿਆ ਗਿਆ ਕਿ ਸ਼ਨੀਵਾਰ ਨੂੰ ਜਦੋਂ ਪੁਲਸ ਕਰਮੀ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਸਬ ਇੰਸਪੈਕਟਰ ਅੱਤਾ ਹੁਸੈਨ ਜੱਟ ਨੇ ਕਿਹਾ ਕਿ ਸ਼ੱਕੀਆਂ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਆਸਿਫ਼ ਸਿਆਲ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਘਟਨਾ 'ਚ ਇਸਤੇਮਾਲ ਹਥਿਆਰ ਬਰਾਮਦ ਕਰਨ 'ਚ ਜੁਟੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News