ਪਾਕਿਸਤਾਨ ''ਚ ''ਝੂਠੀ ਸ਼ਾਨ'' ਦੇ ਨਾਂ ''ਤੇ ਇਕੋ ਪਰਿਵਾਰ ਦੇ 6 ਮੈਂਬਰਾਂ ਦਾ ਕਤਲ

01/28/2020 7:02:57 PM

ਕਰਾਚੀ- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ 'ਝੂਠੀ ਸ਼ਾਨ' ਦੇ ਨਾਂ 'ਤੇ ਦੋ ਔਰਤਾਂ ਤੇ ਇਕ ਬੱਚੇ ਸਣੇ ਇਕੋ ਪਰਿਵਾਰ ਦੇ 6 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਬਰੋਹੀ ਜਾਤ ਦੀ ਇਕ ਲੜਕੀ ਨਸਰੀਨ ਬਰੋਹੀ ਦੇ ਪਿਤਾ ਸਣੇ ਹੋਰ ਪਰਿਵਾਰਕ ਮੈਂਬਰ ਸੋਮਵਾਰ ਦੇਰ ਰਾਤ ਮੁਰਤਜਾ ਰਿੰਦ ਦੇ ਘਰ ਵਿਚ ਦਾਖਲ ਹੋਏ ਤੇ ਸੋ ਰਹੇ ਲੋਕਾਂ 'ਤੇ ਗੋਲੀਆਂ ਵਰ੍ਹਾ ਰਿੰਦ ਤੇ ਪੰਜ ਹੋਰ ਲੋਕਾਂ ਨੂੰ ਮਾਰ ਦਿੱਤਾ। ਨਸਰੀਨ ਬਰੋਹੀ ਨੇ ਆਪਣੀ ਮਰਜ਼ੀ ਨਾਲ ਰਿੰਦ ਨਾਲ ਵਿਆਹ ਕੀਤਾ ਸੀ। ਨਸਰੀਨ ਕਿਸੇ ਤਰ੍ਹਾਂ ਹਮਲੇ ਤੋਂ ਬਚਣ ਵਿਚ ਸਫਲ ਰਹੀ। ਮ੍ਰਿਤਕਾਂ ਵਿਚ ਰਿੰਦ ਦੋ ਭਰਾ, ਦੋ ਭੈਣਾਂ ਤੇ ਇਕ ਬੱਚਾ ਸ਼ਾਮਲ ਹੈ। ਸੀਨੀਅਰ ਪੁਲਸ ਅਧਿਕਾਰੀ ਨਈਮ ਸ਼ੇਖ ਨੇ ਕਿਹਾ ਕਿ ਨਸਰੀਨ ਹੁਣ ਪੁਲਸ ਸੁਰੱਖਿਆ ਵਿਚ ਹੈ ਤੇ 'ਝੂਠੀ ਸ਼ਾਨ' ਨੂੰ ਲੈ ਕੇ ਹੋਏ ਇਸ ਕਤਲਕਾਂਡ ਵਿਚ ਸ਼ੱਕੀ ਉਸ ਦੇ ਪਿਤਾ ਰਫੀਕ ਬਰੋਹੀ ਤੇ ਭਰਾਵਾਂ ਦੀ ਤਲਾਸ਼ ਜਾਰੀ ਹੈ।

ਨਸਰੀਨ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਫਰਵਰੀ 2018 ਵਿਚ ਘਰ ਤੋਂ ਭੱਜ ਕੇ ਰਿੰਦ ਦੇ ਨਾਲ ਵਿਆਹ ਕਰ ਲਿਆ ਸੀ। ਬਾਅਦ ਵਿਚ ਉਹ ਉਸ ਵੇਲੇ ਘਰ ਪਰਤੀ ਜਦੋਂ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ, ਜਿਸ ਵਿਚ ਨਸਰੀਨ ਦੇ ਪਤੀ ਨੇ ਉਸ ਦੇ ਪਿਤਾ ਨੂੰ ਬਤੌਰ ਜੁਰਮਾਨਾ 12 ਲੱਖ ਅਦਾ ਕੀਤੇ। ਨਸਰੀਨ ਦੇ ਮੁਤਾਬਕ ਉਸ ਦੇ ਪਰਿਵਾਰ ਨੇ ਉਸ ਨੂੰ ਜਟੋਈ ਜਾਤ ਦੇ ਲੋਕਾਂ ਨੂੰ ਬੇਚ ਦਿੱਤਾ ਸੀ, ਜਿਥੋਂ ਭੱਜ ਕੇ ਉਹ ਆਪਣੇ ਪਤੀ ਦੇ ਘਰ ਪਹੁੰਚਣ ਵਿਚ ਸਫਲ ਰਹੀ, ਜਿਸ ਤੋਂ ਬਾਅਦ ਦੋਵੇਂ ਖੁਸ਼ੀ ਨਾਲ ਰਹਿ ਰਹੇ ਸਨ। ਨਸਰੀਨ ਦੇ ਮੁਤਾਬਕ ਉਸ ਦੇ ਪਿਤਾ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੁਆਫ ਨਹੀਂ ਕੀਤਾ ਤੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਤਾਬਕ ਝੂਠੀ ਸ਼ਾਨ ਦੇ ਨਾਂ 'ਤੇ ਹਰੇਕ ਸਾਲ ਦੇਸ਼ ਵਿਚ ਇਕ ਹਜ਼ਾਰ ਔਰਤਾਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ।


Baljit Singh

Content Editor

Related News