ਬੰਗਲਾਦੇਸ਼ ''ਚ ਜੰਗੀ ਅਪਰਾਧਾਂ ਲਈ ''ਰਜ਼ਾਕਾਰ ਬਾਹਿਨੀ'' ਦੇ ਛੇ ਮੈਂਬਰਾਂ ਨੂੰ ਮੌਤ ਦੀ ਸਜ਼ਾ
Thursday, Jul 28, 2022 - 05:25 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਵੀਰਵਾਰ ਨੂੰ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ‘ਮਨੁੱਖਤਾ ਵਿਰੁੱਧ ਅਪਰਾਧਾਂ’ ਵਿੱਚ ਪਾਕਿਸਤਾਨੀ ਫ਼ੌਜ ਦੀ ਮਦਦ ਕਰਨ ਲਈ ਬਦਨਾਮ ਅਰਧ ਸੈਨਿਕ ਬਲ 'ਰਜ਼ਾਕਾਰ ਬਾਹਿਨੀ' ਦੇ ਛੇ ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ। ਜਸਟਿਸ ਮੁਹੰਮਦ ਸ਼ਾਹੀ-ਨੂਰ-ਇਸਲਾਮ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਟ੍ਰਿਬਿਊਨਲ ਨੇ ਇਹ ਹੁਕਮ ਦਿੱਤਾ। ਇਸਲਾਮ ਨੇ ਕਿਹਾ ਕਿ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਸੁਣਵਾਈ ਦੌਰਾਨ ਪੰਜ ਦੋਸ਼ੀ ਟ੍ਰਿਬਿਊਨਲ ਵਿਚ ਮੌਜੂਦ ਸਨ ਜਦਕਿ ਇਕ ਗੈਰਹਾਜ਼ਰ ਸੀ।
ਇਨ੍ਹਾਂ ਛੇ ਦੋਸ਼ੀਆਂ ਵਿੱਚ ਅਮਜਦ ਹੁਸੈਨ ਹਾਵਲਦਾਰ, ਸਹਿਰ ਅਲੀ ਸਰਦਾਰ, ਅਤਯਾਰ ਰਹਿਮਾਨ, ਮੋਤਾਚਿਨ ਬਿੱਲਾ, ਕਮਾਲ ਉੱਦੀਨ ਗੋਲਡਰ ਅਤੇ ਨਾਜ਼-ਉਲ-ਇਸਲਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਨਾਜ਼-ਉਲ-ਇਸਲਾਮ ਫਰਾਰ ਹੈ। ਸਜ਼ਾ ਸੁਣਾਏ ਜਾਣ ਸਮੇਂ ਦੋਸ਼ੀ ਅਦਾਲਤ ਵਿਚ ਮੌਜੂਦ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਢਾਕਾ ਸੈਂਟਰਲ ਜੇਲ੍ਹ ਲਿਜਾਇਆ ਗਿਆ। ਇਸਤਗਾਸਾ ਪੱਖ ਦੇ ਵਕੀਲ ਮੁਖਲੇਸ-ਉਰ-ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਛੇ ਦੋਸ਼ੀਆਂ 'ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਚਾਰ ਦੋਸ਼ ਲਗਾਏ ਗਏ ਸਨ। ਟ੍ਰਿਬਿਊਨਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਪਾਕਿਸਤਾਨੀ ਫ਼ੌਜ ਨਾਲ ਜੁੜੀ ਪੂਰਬੀ ਪਾਕਿਸਤਾਨ ਦੀ ਨੀਮ ਫ਼ੌਜੀ ਬਲ, ਬਦਨਾਮ 'ਰਜ਼ਾਕਾਰ ਬਾਹਿਨੀ' ਦੇ ਮੈਂਬਰ ਸਨ।
ਪੜ੍ਹੋ ਇਹ ਅਹਿਮ ਖ਼ਬਰ- ਰਿਹਾਇਸ਼ੀ ਸਕੂਲਾਂ 'ਚ ਬੱਚਿਆਂ ਨਾਲ ਬਦਸਲੂਕੀ 'ਤੇ ਪੋਪ ਦੀ ਮੁਆਫ਼ੀ ਕਾਫੀ ਨਹੀਂ : ਕੈਨੇਡੀਅਨ ਸਰਕਾਰ
ਟ੍ਰਿਬਿਊਨਲ ਨੇ ਕਿਹਾ ਕਿ ਸਾਰੇ ਦੋਸ਼ੀ ਦੱਖਣੀ ਪੱਛਮੀ ਖੁਲਨਾ ਜ਼ਿਲੇ ਦੇ ਵਸਨੀਕ ਹਨ ਅਤੇ ਉਨ੍ਹਾਂ ਨੇ ਸਮੂਹਿਕ ਕਤਲ, ਅੱਗਜ਼ਨੀ ਵਰਗੇ ਅੱਤਿਆਚਾਰ ਕੀਤੇ ਸਨ। ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਟ੍ਰਿਬਿਊਨਲ ਦੇ ਫ਼ੈਸਲੇ ਤੋਂ ਸੰਤੁਸ਼ਟ ਹੈ, ਜਦਕਿ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਉਹ ਆਪਣੇ ਕਲਾਈਟਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਦੇ ਅਪੀਲੀ ਡਿਵੀਜ਼ਨ ਨੂੰ ਅਪੀਲ ਕਰਨਗੇ।