ਯੂਕ੍ਰੇਨ ਦੇ ਲਵੀਵ ਸ਼ਹਿਰ 'ਚ ਮਿਜ਼ਾਈਲ ਹਮਲੇ, ਛੇ ਲੋਕਾਂ ਦੀ ਮੌਤ
Monday, Apr 18, 2022 - 02:00 PM (IST)
ਕੀਵ (ਏਜੰਸੀ): ਯੂਕ੍ਰੇਨ ਦੇ ਸ਼ਹਿਰ ਲਵੀਵ ‘ਤੇ ਰੂਸੀ ਮਿਜ਼ਾਈਲ ਹਮਲੇ ‘ਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਮੈਕਸਿਮ ਕੋਜਿਤਸਕੀ ਨੇ ਕਿਹਾ ਕਿ ਕੁੱਲ ਚਾਰ ਹਮਲੇ ਹੋਏ, ਜਿਨ੍ਹਾਂ ਵਿੱਚੋਂ ਤਿੰਨ ਫ਼ੌਜੀ ਢਾਂਚੇ 'ਤੇ ਅਤੇ ਇੱਕ ਟਾਇਰਾਂ ਦੀ ਦੁਕਾਨ 'ਤੇ ਹੋਇਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦਸਤੇ ਹਮਲਿਆਂ ਕਾਰਨ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਲਈ ਨਵੀਂ ਚੁਣੌਤੀ, ਰੂਸੀ ਫ਼ੌਜ ਦਾ ਸਮਰਥਨ ਕਰਨ ਲਈ ਤਿਆਰ ਹੋਏ ਸੀਰੀਆਈ ਲੜਾਕੇ
ਇਹ ਹਮਲੇ ਯੁਕ੍ਰੇਨ ਦੇ ਪੂਰਬੀ ਹਿੱਸਿਆਂ 'ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਪੱਛਮੀ ਸ਼ਹਿਰ ਲਵੀਵ 'ਚ ਹੋਏ ਹਨ। ਲਵੀਵ ਦੋ ਮਹੀਨਿਆਂ ਦੀ ਭਿਆਨਕ ਹਿੰਸਾ ਤੋਂ ਕਾਫੀ ਹੱਦ ਤੱਕ ਬਚਿਆ ਹੋਇਆ ਸੀ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਮਾਰੀਉਪੋਲ ਵਿੱਚ "ਆਖਰੀ ਦਮ ਤੱਕ ਲੜਨ" ਦੀ ਸਹੁੰ ਖਾਧੀ ਹੈ। ਰੂਸੀ ਬਲਾਂ ਨੇ ਬੰਦਰਗਾਹ ਸ਼ਹਿਰ ਵਿੱਚ ਇੱਕ ਵਿਸ਼ਾਲ ਸਟੀਲ ਪਲਾਂਟ ਨੂੰ ਤਬਾਹ ਕਰ ਦਿੱਤਾ ਹੈ, ਜੋ ਕਿ ਦੱਖਣੀ ਯੂਕ੍ਰੇਨੀ ਸ਼ਹਿਰ ਮਾਰੀਉਪੋਲ ਵਿੱਚ ਵਿਰੋਧ ਦਾ ਆਖਰੀ ਸਥਾਨ ਸੀ। ਧਮਾਕਿਆਂ ਤੋਂ ਬਾਅਦ ਲਵੀਵ 'ਤੇ ਸੰਘਣਾ, ਕਾਲਾ ਧੂੰਆਂ ਉੱਠਿਆ।
ਫ਼ੌਜੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੂਸ ਯੂਕ੍ਰੇਨ ਦੇ ਰੂਸੀ ਬੋਲਣ ਵਾਲੇ ਪੂਰਬੀ ਉਦਯੋਗਿਕ ਖੇਤਰ ਡੋਨਬਾਸ ਵਿੱਚ ਇੱਕ ਵੱਡੇ ਜ਼ਮੀਨੀ ਹਮਲੇ ਨੂੰ ਰੋਕਣ ਦੀ ਉਸ ਦੀ ਸਮਰੱਥਾ ਨੂੰ ਘਟਾਉਣ ਲਈ ਯੂਕ੍ਰੇਨ ਵਿੱਚ ਹਥਿਆਰ ਫੈਕਟਰੀਆਂ, ਰੇਲਵੇ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਿਜ਼ਾਈਲਾਂ ਅਤੇ ਰਾਕੇਟ ਦਾਗੇ ਗਏ ਹਨ। ਜ਼ੇਲੇਂਸਕੀ ਨੇ ਰੂਸੀ ਸੈਨਿਕਾਂ 'ਤੇ ਉਸ ਦੇ ਨਿਯੰਤਰਣ ਅਧੀਨ ਖੇਤਰਾਂ ਵਿੱਚ ਲੋਕਾਂ ਨੂੰ ਤਸੀਹੇ ਦੇਣ ਅਤੇ ਅਗਵਾ ਕਰਨ ਦਾ ਦੋਸ਼ ਲਗਾਇਆ ਹੈ।