ਅਮਰੀਕਾ ਦੀ ਸਖਤੀ, 6 ਭਾਰਤੀਆਂ ਸਮੇਤ 300 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫਤਾਰ

09/01/2018 12:24:42 PM

ਨਿਊਯਾਰਕ (ਭਾਸ਼ਾ)— ਅਮਰੀਕਾ 'ਚ ਅਪਰਾਧਕ ਗਤੀਵਿਧੀਆਂ ਅਤੇ ਉਲੰਘਣਾ ਮਾਮਲੇ 'ਚ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ 6 ਭਾਰਤੀਆਂ ਸਮੇਤ 364 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨ ਤਹਿਤ 6 ਸੂਬਿਆਂ 'ਚ ਤਕਰੀਬਨ ਇਕ ਮਹੀਨਾ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਸੰਘੀ ਅਧਿਕਾਰੀਆਂ ਨਾਲ ਮਿਲ ਕੇ ਅਮਰੀਕਾ ਦੇ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ (ਆਈ. ਸੀ. ਈ.) ਅਤੇ ਇਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨ (ਈ. ਆਰ. ਓ.) ਵਲੋਂ 30 ਦਿਨਾ ਤਕ ਕਾਰਵਾਈ ਕੀਤੀ ਗਈ, ਜਿਸ ਦੌਰਾਨ ਅਪਾਰਧਕ ਗਤੀਵਿਧੀਆਂ ਅਤੇ ਇਮੀਗ੍ਰੇਸ਼ਨ ਉਲੰਘਣਾ ਕਰਨ ਵਾਲੇ ਕਰੀਬ 300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕਾਰਵਾਈ ਅਮਰੀਕਾ ਦੇ 6 ਸੂਬਿਆਂ— ਇੰਡੀਆਨਾ, ਕੰਸਾਸ, ਇਲੀਨੋਇਸ, ਕੇਨਟੂਕੀ, ਮਿਸੌਰੀ ਅਤੇ ਵਿਸਕਾਨਸਿਨ 'ਚ ਕੀਤੀ ਗਈ ਸੀ।

ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕ 25 ਵੱਖ-ਵੱਖ ਦੇਸ਼ਾਂ ਦੇ ਹਨ, ਜਿਨ੍ਹਾਂ 'ਚ 6 ਭਾਰਤੀ ਵੀ ਸ਼ਾਮਲ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਲ 364 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਕੋਲੰਬੀਆ, ਮੈਕਸੀਕੋ, ਸਾਊਦੀ ਅਰਬ, ਯੂਕਰੇਨ, ਜਰਮਨੀ, ਗੁਆਟੇਮਾਲਾ, ਚੈੱਕ ਗਣਰਾਜ, ਇਕਵਾਡੋਰ ਅਤੇ ਹੋਂਡੁਰਸ ਦੇਸ਼ ਦੇ ਲੋਕ ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 16 ਔਰਤਾਂ ਅਤੇ 346 ਵਿਅਕਤੀ ਸ਼ਾਮਲ ਹਨ, ਜਿਨ੍ਹਾਂ 'ਚੋਂ 187 ਅਪਰਾਧਕ ਗਤੀਵਿਧੀਆਂ ਨਾਲ ਜੁੜੇ ਹਨ।

ਗ੍ਰਿਫਤਾਰ ਕੀਤੇ ਗਏ ਲੋਕਾਂ ਦਾ ਲੰਬਾ ਇਤਿਹਾਸਕ ਅਪਰਾਧਕ ਰਿਕਾਰਡ ਰਿਹਾ ਹੈ, ਜਿਸ 'ਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਬੱਚਿਆਂ ਦਾ ਯੌਨ ਸ਼ੋਸ਼ਣ, ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਚੋਰੀ ਅਤੇ ਦੇਸ਼ ਨਿਕਾਲੇ ਮਗਰੋਂ ਗੈਰ-ਕਾਨੂੰਨੀ ਰੂਪ ਨਾਲ ਮੁੜ ਪ੍ਰਵੇਸ਼ ਵਰਗੇ ਅਪਰਾਧ ਸ਼ਾਮਲ ਹਨ। ਇਸ ਕਾਰਵਾਈ ਦਾ ਮਕਦਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਅਤੇ ਨਾਲ ਹੀ ਨਾਲ ਉਨ੍ਹਾਂ ਵਿਅਕਤੀਆਂ ਨੂੰ ਫੜਨਾ ਸੀ, ਜੋ ਦੇਸ਼ ਵਿਚ ਹਿੰਸਾ ਕਰਦੇ ਹਨ। 


Related News