ਇਟਲੀ ਦੀ ਜੇਲ ''ਚ ਕੋਰੋਨਾ ਵਾਇਰਸ ਕਾਰਨ ਝਗੜਾ, 6 ਕੈਦੀਆਂ ਦੀ ਮੌਤ
Wednesday, Mar 11, 2020 - 11:00 AM (IST)
ਰੋਮ— ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਗੜ੍ਹ ਬਣੇ ਇਟਲੀ 'ਚ ਹੁਣ ਤਕ 631 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 10,000 ਤੋਂ ਵਧੇਰੇ ਲੋਕਾਂ ਦੇ ਇਨਫੈਕਟਡ ਹੋਣ ਦੀ ਜਾਣਕਾਰੀ ਮਿਲੀ ਹੈ। ਦੇਸ਼ ਨੇ ਯਾਤਰਾ ਨਿਯਮਾਂ ਨੂੰ ਸਖਤ ਕਰਨ ਦੇ ਨਾਲ-ਨਾਲ ਕਰੋੜਾਂ ਲੋਕਾਂ ਨੂੰ ਲਾਕਡਾਊਨ ਕਰ ਦਿੱਤਾ ਹੈ। ਉੱਥੇ ਹੀ ਇਟਲੀ ਦੀਆਂ ਜੇਲਾਂ 'ਚ ਵੀ ਕੋਰੋਨਾ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਇਟਲੀ ਦੀ ਮੇਡੋਨਾ ਜੇਲ 'ਚ ਐਤਵਾਰ ਰਾਤ ਨੂੰ ਦੰਗੇ ਭੜਕ ਗਏ ਅਤੇ ਕੈਦੀਆਂ ਨੇ ਕਈ ਥਾਂਵਾਂ 'ਤੇ ਅੱਗ ਲਗਾ ਦਿੱਤੀ ਜਿਸ ਕਾਰਨ 6 ਕੈਦੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਨੇ 1.5 ਕਰੋੜ ਦੀ ਆਬਾਦੀ ਵਾਲੇ ਉਤਰੀ ਇਟਲੀ 'ਚ ਆਵਾਜਾਈ ਬੰਦ ਕਰ ਦਿੱਤੀ ਸੀ ਤੇ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਵੀ ਜੇਲ ਆਉਣ ਤੋਂ ਰੋਕ ਦਿੱਤਾ ਸੀ। ਜੇਲ ਪ੍ਰਸ਼ਾਸਨ ਦੇ ਇਸ ਫੈਸਲੇ ਕਾਰਨ ਕੈਦੀਆਂ ਨੇ ਅਜਿਹਾ ਹੰਗਾਮਾ ਕੀਤਾ ਜੋ ਪੂਰੇ 24 ਘੰਟਿਆਂ ਤਕ ਚੱਲਦਾ ਰਿਹਾ। ਕੈਦੀਆਂ ਨੇ ਜੇਲ ਦੇ ਉੱਪਰਲੇ ਹਿੱਸੇ 'ਤੇ ਕਬਜ਼ਾ ਕਰ ਲਿਆ ਤੇ ਪੁਲਸ ਨੇ ਬਹੁਤ ਮੁਸ਼ਕਲ ਨਾਲ ਸਥਿਤੀ ਨੂੰ ਕਾਬੂ ਕੀਤਾ, ਇਸ ਦੌਰਾਨ ਕਈ ਪੁਲਸ ਕਰਮਚਾਰੀ ਵੀ ਜ਼ਖਮੀ ਹੋਏ।
ਉਨ੍ਹਾਂ ਦੱਸਿਆ ਕਿ ਕੈਦੀਆਂ ਨੇ ਸਿਰਫ਼ ਤੋੜ-ਭੰਨ੍ਹ ਹੀ ਨਹੀਂ ਕੀਤੀ ਬਲਕਿ ਜੇਲ ਦੇ ਕਈ ਹਿੱਸਿਆਂ ਚ ਅੱਗ ਵੀ ਲਗਾ ਦਿੱਤੀ। ਜੇਲ ਪ੍ਰਸ਼ਾਸਨ ਨੇ ਇਸ ਸਬੰਧੀ ਸਖਤਾਈ ਨਾਲ ਕਦਮ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੈਦੀਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੇਲਾਂ 'ਚ ਜਿੰਨੇ ਵਿਅਕਤੀ ਰਹਿ ਸਕਦੇ ਹਨ, ਉਸ ਤੋਂ ਦੁੱਗਣੇ ਕੈਦੀਆਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵੀ ਕੈਦੀ ਨੂੰ ਕੋਰੋਨਾ ਵਾਇਰਸ ਹੋ ਗਿਆ ਤਾਂ ਇਸ ਕਾਰਨ ਸਾਰੇ ਕੈਦੀ ਇਸ ਦੀ ਲਪੇਟ 'ਚ ਆ ਜਾਣਗੇ।