ਟੋਰਾਂਟੋ ''ਚ ਪ੍ਰਦਰਸ਼ਨ ਦੌਰਾਨ ਫੜੇ ਗਏ 2 ਵਿਅਕਤੀ, 7 ਪੁਲਸ ਕਰਮਚਾਰੀ ਹੋਏ ਜ਼ਖਮੀ

08/31/2020 1:37:52 PM

ਟੋਰਾਂਟੋ- ਕੈਨੇਡਾ ਦੇ ਸ਼ਹਿਰ ਓਕਵੁੱਡ ਐਵੇਨਿਊ ਅਤੇ ਇਗਲਿੰਟਨ ਐਵੇਨਿਊ ਵੈੱਸਟ ਵਿਚ ਸ਼ਨੀਵਾਰ ਨੂੰ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਅਤੇ ਕਰਾਸਟਾਊਨ ਰੇਲ ਲਾਈਨ ਬਣਨ ਕਾਰਨ ਉਨ੍ਹਾਂ ਦੇ ਬਰਬਾਦ ਹੋ ਰਹੇ ਵਪਾਰ ਕਾਰਨ ਸਰਕਾਰ ਕੋਲੋਂ ਨਿਆਂ ਦੀ ਮੰਗ ਕੀਤੀ। 

ਇਹ ਪ੍ਰਦਰਸ਼ਨ ਨਿਯਮਾਂ ਵਿਚ ਹੀ ਹੋ ਰਿਹਾ ਹੈ ਜਾਂ ਨਹੀਂ, ਇਸ ਦੀ ਜਾਂਚ ਲਈ ਟੋਰਾਂਟੋ ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ ਦੇ ਅਧਿਕਾਰੀ ਦੌਰੇ 'ਤੇ ਨਿਕਲੇ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋ ਰਿਹਾ ਸੀ ਪਰ ਇਸ ਦੌਰਾਨ ਇਕ ਵਿਅਕਤੀ ਆਇਆ ਤੇ ਇਕ ਕਾਰ ਉੱਤੇ ਚੜ੍ਹ ਕੇ ਟੱਪਣ ਲੱਗ ਗਿਆ। ਇਹ ਵਿਅਕਤੀ ਪ੍ਰਦਰਸ਼ਨ ਵਿਚ ਸ਼ਾਮਲ ਨਹੀਂ ਸੀ। ਅਧਿਕਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਕਰਮਚਾਰੀਆਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਹੋਰ ਵਿਅਕਤੀ ਆਇਆ ਤੇ ਉਹ ਵੀ ਪੁਲਸ ਅਧਿਕਾਰੀਆਂ ਨਾਲ ਲੜਨ ਲੱਗ ਗਿਆ। ਪੁਲਸ ਨੇ ਇਕ ਵਿਅਕਤੀ ਨੂੰ ਟੈਸਰਡ ਭਾਵ ਇਲੈਕਟ੍ਰੋਨਿਕ ਝਟਕਾ ਦੇਣ ਵਾਲੇ ਯੰਤਰ ਨਾਲ ਰੋਕਿਆ। ਕਿਸੇ ਨੇ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਵਿਚ ਪੁਲਸ ਅਧਿਕਾਰੀ ਵਿਅਕਤੀ ਨੂੰ ਟੈਸਰਡ ਨਾਲ ਰੋਕ ਰਹੇ ਸਨ। ਵੀਡੀਓ ਬਣਾਉਣ ਵਾਲੀ ਕੁੜੀ ਦਾ ਕਹਿਣਾ ਸੀ ਕਿ ਪੁਲਸ ਨੇ ਇਕ ਵਿਅਕਤੀ ਨੂੰ ਟੈਸਰਡ ਨਾਲ ਤਕਲੀਫ ਦਿੱਤੀ ਤੇ ਇਕ ਰਾਹਗੀਰ ਨੇ ਉਸ ਨੂੰ ਬਚਾਉਣ ਲਈ ਪੁਲਸ ਨੂੰ ਰੋਕਿਆ। 

ਇਸ ਸਭ ਮਗਰੋਂ ਹਾਲਾਤ ਖਰਾਬ ਹੋਣ ਲੱਗ ਗਏ ਤੇ ਪੁਲਸ ਨੇ ਵਾਧੂ ਪੁਲਸ ਸੱਦੀ। ਦੋਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਘਟਨਾ ਵਿਚ 7 ਪੁਲਸ ਅਧਿਕਾਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਮਹਿਲਾ ਪੁਲਸ ਅਧਿਕਾਰੀ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ 4 ਪੁਲਸ ਅਧਿਕਾਰੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ। 
ਇਸ ਪ੍ਰਦਰਸ਼ਨ ਦਾ ਪ੍ਰਬੰਧ ਕਰਨ ਵਾਲੀ ਜਮਿਲਾਹ ਰੀਵਜ਼ ਨੇ ਉਸ ਵਿਅਕਤੀ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਇਸ ਸਥਾਨ 'ਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀਆਂ ਦੇ ਆਉਣ ਦੀ ਜ਼ਰੂਰਤ ਨਹੀਂ ਸੀ ਤੇ ਉਨ੍ਹਾਂ ਕਾਰਨ ਸਥਿਤੀ ਵਿਗੜੀ ਹੈ। ਵਿਅਕਤੀ ਨੂੰ ਮੈਡੀਕਲਲ ਮਦਦ ਦੇਣ ਮਗਰੋਂ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ।
 


Lalita Mam

Content Editor

Related News