ਸੀਤਾਰਮਨ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
Saturday, Oct 20, 2018 - 09:11 PM (IST)
ਸਿੰਗਾਪੁਰ (ਭਾਸ਼ਾ)- ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਸ਼ਨੀਵਾਰ ਨੂੰ ਇਥੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਤੇਓ ਚੀ ਹੇਨ ਨਾਲ ਮੁਲਾਕਾਤ ਕੀਤੀ। ਸਿੰਗਾਪੁਰ ਵਿਚ 12ਵੀਂ ਆਸੀਅਨ ਰੱਖਿਆ ਮੰਤਰੀ ਮੀਟਿੰਗ (ਏ.ਡੀ.ਐਮ.ਐਮ.) ਅਤੇ ਪੰਜਵੀਂ ਏ.ਡੀ.ਐਮ.ਐਮ. ਪਲੱਸ ਹੋ ਰਹੀ ਹੈ ਜਿਸ ਵਿਚ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਭਾਈਵਾਲੀ ਹੋ ਰਹੀ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਈ ਦੋ ਦਿਨਾਂ ਇਸ ਮੀਟਿੰਗ ਵਿਚ ਆਸਟ੍ਰੇਲੀਆ,ਚੀਨ, ਜਾਪਾਨ, ਨਿਊਜ਼ੀਲੈਂਡ, ਦੱਖਣੀ ਕੋਰੀਆ, ਰੂਸ ਅਤੇ ਅਮਰੀਕਾ ਹਿੱਸਾ ਲੈਣਗੇ। ਰੱਖਿਆ ਮੰਤਰੀ ਦਫਤਰ ਨੇ ਇਕ ਟਵੀਟ ਵਿਚ ਕਿਹਾ ਕਿ ਸ਼੍ਰੀਮਤੀ ਸੀਤਾਰਮਨ ਨੇ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ (ਪਲੱਸ) ਤੋਂ ਬਾਅਦ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਤੇਓ ਚੀ ਹੇਨ ਤੋਂ ਸ਼ਿਸ਼ਟਾਚਾਰ ਦੀ ਭੇਟ ਕੀਤੀ।
ਸੀਤਾਰਮਨ ਦੀ ਸ਼ਨੀਵਾਰ ਨੂੰ ਹੀ ਸਿੰਗਾਪੁਰ ਵਿਚ ਉਨ੍ਹਾਂ ਦੇ ਹਮਰੁਤਬਾ ਐਨ.ਜੀ. ਈ. ਹੇਂਗ ਨਾਲ ਮੁਲਾਕਾਤ ਹੋਣੀ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੰਜਵੇਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏ.ਡੀ.ਐਮ.ਐਮ.-ਪਲੱਸ) ਵਿਚ ਅੱਤਵਾਦ ਦਾ ਮੁੱਦਾ ਚੁੱਕਿਆ। ਸੀਤਾਰਮਨ ਨੇ ਕਿਹਾ ਕਿ ਅਸੀਂ ਸਾਰੇ ਫਾਰਮੈੱਟ ਅਤੇ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਧ ਗੰਭੀਰ ਖਤਰਿਆਂ ਵਿਚੋਂ ਇਕ ਹੈ। ਅਜਿਹਾ ਦੂਜੀ ਵਾਰ ਹੋ ਰਿਹਾ ਹੈ ਕਿ ਸਿੰਗਾਪੁਰ ਏ.ਡੀ.ਐਮ.ਐਮ. ਦੀ 2006 ਵਿਚ ਹੋਈ ਸਥਾਪਨਾ ਤੋਂ ਬਾਅਦ ਇਸ ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ 2010 ਵਿਚ ਏ.ਡੀ.ਐਮ.ਐਮ ਪਲੱਸ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਇਸ ਦੀ ਅਗਵਾਈ ਕਰ ਰਿਹਾ ਹੈ।
