ਭੈਣ ਨੇ ਭਰਾ ਦੀ ਹੈਂਡਰਾਈਟਿੰਗ ਦੀ ਕੀਤੀ ਨਿੰਦਾ, ਗੁੱਸੇ 'ਚ ਆਏ ਭਰਾ ਨੇ ਕਰ ਤਾ ਇਹ ਕਾਰਾ

Tuesday, Jul 04, 2017 - 05:39 PM (IST)

ਲਾਹੌਰ— ਪਾਕਿਸਤਾਨ 'ਚ ਹੈਂਡਰਾਈਟਿੰਗ (ਲਿਖਾਈ) ਨੂੰ ਲੈ ਕੇ ਚਿੜਾਏ ਜਾਣ 'ਤੇ ਭਰਾ ਵਲੋਂ ਆਪਣੀ ਹੀ ਭੈਣ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 11 ਸਾਲ ਦੇ ਇਕ ਬੱਚੇ ਨੂੰ 9 ਸਾਲ ਦੀ ਉਸ ਦੀ ਭੈਣ ਨੇ ਲਿਖਾਈ ਨੂੰ ਲੈ ਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਇਸ 'ਤੇ ਭਰਾ ਨੂੰ ਆਪਣੀ ਹੀ ਭੈਣ ਵਲੋਂ ਚਿੜਾਉਣ 'ਤੇ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸਨਸਨੀਖਜ਼ ਬਿਆਨ 'ਚ ਉਸ ਨੇ ਦੱਸਿਆ ਕਿ ਉਹ ਭਾਰਤੀ ਟੈਡੀਵਿਜ਼ਨ ਸੀਰੀਅਲ ਸੀ. ਆਈ. ਡੀ ਦੇਖਦਾ ਸੀ ਅਤੇ ਉਸ ਤੋਂ ਹੀ ਉਸ ਨੇ ਕਤਲ ਕਰਨਾ ਸਿੱਖਿਆ।
ਸ਼ਾਲੀਮਾਰ ਪੁਲਸ ਮੁਤਾਬਕ ਇਮਾਨ ਤਨਵੀਰ ਨਾਮਕ ਬੱਚੀ ਲਾਹੌਰ ਦੇ ਸ਼ਾਲੀਮਾਰ ਇਲਾਕੇ 'ਚ ਸਥਿਤ ਆਪਣੀ ਦਾਦੀ ਦੇ ਘਰ 'ਚ 30 ਜੂਨ ਨੂੰ ਮ੍ਰਿਤਕ ਹਾਲਤ 'ਚ ਪਾਈ ਗਈ ਸੀ, ਜਿਸ ਦੀ ਜਾਂਚ ਤੋਂ ਬਾਅਦ ਉਸ ਦੇ ਭਰਾ ਅੱਬਦੁਲ ਰਹਿਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ੱਕ ਦੇ ਆਧਾਰ 'ਤੇ ਇਮਾਨ ਦੀ ਸੌਤੇਲੀ ਮਾਂ ਸਬਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। 
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਮਾਨ ਅਤੇ ਉਸ ਦਾ ਵੱਡਾ ਭਰਾ ਰਹਿਮਾਨ ਈਦ ਦੀਆਂ ਛੁੱਟੀਆਂ 'ਤੇ ਦਾਦੀ ਦੇ ਘਰ ਆਏ ਸਨ ਜਿਥੇ ਉਨ੍ਹਾਂ ਨੇ ਘਰ 'ਚ ਹੀ ਹੈਂਡਰਾਈਟਿੰਗ ਪ੍ਰਤੀਯੋਗਤਾ ਰੱਖੀ। ਉਸ ਸਮੇਂ ਉਨ੍ਹਾਂ ਦੀ ਦਾਦੀ ਘਰ 'ਚ ਮੌਜੂਦ ਨਹੀਂ ਸੀ। ਇਸ ਦੌਰਾਨ ਇਮਾਨ ਨੇ ਜਦੋਂ ਭਰਾ ਦੀ ਲਿਖਾਈ ਦੇਖੀ ਤਾਂ ਉਸ ਨੂੰ ਖਰਾਬ ਕਹਿ ਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਭਰਾ ਅੱਬਦੁਲ ਰਹਿਮਾਨ ਨੂੰ ਕਾਫੀ ਗੁੱਸਾ ਆ ਗਿਆ ਅਤੇ ਉਸ ਨੇ ਚੁੰਨੀ ਨਾਲ ਗਲਾ ਘੁੱਟ ਕੇ ਭੈਣ ਦਾ ਕਤਲ ਕਰ ਦਿੱਤਾ।


Related News