ਇਪਸਾ ਵੱਲੋਂ ਗਾਇਕ/ਗੀਤਕਾਰ ਗੁਰਵਿੰਦਰ ਬਰਾੜ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਦਾ ਸਨਮਾਨ

10/08/2022 3:43:29 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਪੰਜਾਬ ਤੋਂ ਆਏ ਮਸ਼ਹੂਰ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਵਿੰਦਰ ਬਰਾੜ ਦਾ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਉਹਨਾਂ ਦੇ ਨਾਲ ਸਿਡਨੀ ਨਿਵਾਸੀ ਕਵੀ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਨੂੰ ਵੀ ਸਨਮਾਨਿਤ ਕੀਤਾ ਗਿਆ। ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਸਮਾਗਮ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਉਪਰੰਤ ਹੋਏ ਕਵੀ ਦਰਬਾਰ ਦਾ ਮੰਚ ਸੰਚਾਲਨ ਰੁਪਿੰਦਰ ਸੋਜ਼ ਨੇ ਕਰਦਿਆਂ ਇਕ ਤੋਂ ਬਾਅਦ ਇਕ ਵਧੀਆ ਕਵੀ ਨੂੰ ਸਟੇਜ 'ਤੇ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਆਤਮਾ ਸਿੰਘ ਹੇਅਰ, ਤੇਜਪਾਲ ਕੌਰ, ਗੁਰਦੀਪ ਜਗੇੜਾ, ਸਰਬਜੀਤ ਸੋਹੀ, ਗਾਇਕ ਹੈਪੀ ਚਾਹਲ, ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਦਿਓਲ, ਹਰਕੀ ਵਿਰਕ ਆਦਿ ਕਵੀਆਂ/ਗਾਇਕਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਖ਼ੂਬਸੂਰਤ ਬਣਾ ਦਿੱਤਾ।
 
ਪ੍ਰੋਗਰਾਮ ਦੇ ਆਖ਼ਰੀ ਪੜਾਅ ਵਿੱਚ ਸਿਡਨੀ ਤੋਂ ਆਏ ਕਵੀ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਨੇ ਆਪਣੇ ਸ਼ਬਦਾਂ ਦੇ ਸਫ਼ਰ ਨਾਲ ਸਾਂਝ ਪਵਾਉਂਦਿਆ ਅਨੇਕਾਂ ਖ਼ੂਬਸੂਰਤ ਗਜ਼ਲਾਂ ਅਤੇ ਨਜ਼ਮਾਂ ਪੇਸ਼ ਕਰਦਿਆਂ ਸਰੋਤਿਆਂ ਤੋਂ ਭਰਵੀਂ ਦਾਦ ਵਸੂਲੀ। ਗਾਇਕ/ਗੀਤਕਾਰ ਗੁਰਵਿੰਦਰ ਬਰਾੜ ਨੇ ਸਟੇਜ 'ਤੇ ਆਉਂਦਿਆਂ ਹੀ ਆਪਣੀ ਕਲਾ ਦੇ ਰੰਗ ਬਿਖੇਰ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ। ਆਪਣੇ ਜੀਵਨ ਸਫ਼ਰ ਦੇ ਨਾਲ-ਨਾਲ, ਅਜਮੇਰ ਔਲ਼ਖ ਜੀ ਨਾਲ ਜੁੜੀਆਂ ਯਾਦਾਂ, ਗੀਤਕਾਰੀ ਦੇ ਮੋੜ ਅਤੇ ਅਨੇਕਾਂ ਦਿਲਚਸਪ ਕਿੱਸਿਆਂ ਨਾਲ ਬਾਵਾਸਤਾ ਕਰਵਾਉਂਦਿਆਂ ਬਹੁਤ ਵਧੀਆ ਸੰਵਾਦ ਸਿਰਜਿਆ। ਗੁਰਵਿੰਦਰ ਬਰਾੜ ਨੇ ਆਪਣੇ ਲਿਖੇ ਅਤੇ ਫਿਲਮਾਏ ਗੀਤਾਂ ਵਿੱਚੋਂ ਬਹੁਤ ਸਾਰੇ ਗੀਤ ਪੇਸ਼ ਕਰਦਿਆਂ ਜਦੋਂ ਆਪਣਾ ਗੀਤ ‘ਉਹ ਸ਼ਿਵ ਦੀ ਕਿਤਾਬ ਵਰਗੀ’ ਗਾਇਆ ਤਾਂ ਮਾਹੌਲ ਬੇਹੱਦ ਦਿਲਕਸ਼ ਬਣਾ ਦਿੱਤਾ।

ਦੋਵਾਂ ਹੀ ਮਹਿਮਾਨਾਂ ਨੇ ਇਪਸਾ ਦੇ ਕਾਰਜਾਂ, ਖ਼ਾਸਕਰ ਇਸਦੀ ਪਰਿਵਾਰਕ ਰੂਪ-ਰੇਖਾ, ਲਾਇਬ੍ਰੇਰੀ ਵਿਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਅਤੇ ਮਰਹੂਮ ਕਲਾਕਾਰਾਂ ਦੇ ਲੱਗੇ 101 ਪੋਰਟਰੇਟਾਂ ਨੂੰ ਵੇਖਣ ਤੋਂ ਬਾਅਦ ਕਿਹਾ ਕਿ ਅਜਿਹਾ ਮਾਹੌਲ ਤਾਂ ਯੂਨੀਵਰਸਿਟੀਆਂ ਅਤੇ ਵੱਡੇ ਭਵਨਾਂ ਵਿੱਚ ਵੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਫਾਊਂਡਰ ਚੇਅਰਮੈਨ ਜਰਨੈਲ ਬਾਸੀ, ਇਪਸਾ ਦੇ ਤਿੰਨਾਂ ਵਿੰਗਾਂ ਦੀ ਕੋਰ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ, ਅਜਾਇਬ ਸਿੰਘ ਵਿਰਕ, ਕਿਰਨਦੀਪ ਸਿੰਘ ਵਿਰਕ, ਬਿਕਰਮਜੀਤ ਸਿੰਘ ਚੰਦੀ, ਰਣਦੀਪ ਸਿੰਘ ਜੌਹਲ, ਅਰਸ਼ਦੀਪ ਸਿੰਘ ਦਿਓਲ ਅਤੇ ਗੁਰਜੀਤ ਸਿੰਘ ਉੱਪਲ਼ ਆਦਿ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਾਹਿਤਕ ਸਮਾਗਮ ਵਿੱਚ ਡਾ. ਗੋਪਾਲ ਸਿੰਘ ਬੁੱਟਰ ਦੀ ਆਲੋਚਨਾ ਦੀ ਪੁਸਤਕ ‘ਕਾਵਿ ਚਿੰਤਨ ਅਤੇ ਆਧੁਨਿਕ ਪੰਜਾਬੀ ਕਵਿਤਾ’ ਲੋਕ ਅਰਪਣ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖ਼ੂਬੀ ਨਿਭਾਈ ਗਈ।


cherry

Content Editor

Related News