ਚੀਨ ਲਈ ਅਮਰੀਕਾ ਦੀ ਜਾਸੂਸੀ ਕਰਨ ਵਾਲਾ ''ਸਿੰਗਾਪੁਰ ਵਾਸੀ'' ਗ੍ਰਿਫ਼ਤਾਰ
Thursday, Dec 31, 2020 - 05:50 PM (IST)
ਸਿੰਗਾਪੁਰ (ਬਿਊਰੋ): ਸਿੰਗਾਪੁਰ ਵਾਸੀ ਡਿਕਸਨ ਯੀਓ ਨੂੰ ਅੰਦਰੂਨੀ ਸੁਰੱਖਿਆ ਵਿਭਾਗ ਆਈ.ਐਸ.ਡੀ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, ਉਸ ਨੂੰ ਸਿੰਗਾਪੁਰ ਵਾਪਸ ਪਰਤਦੇ ਸਮੇਂ ਆਈ.ਐਸ.ਡੀ. ਦੁਆਰਾ ਅੰਦਰੂਨੀ ਸੁਰੱਖਿਆ ਐਕਟ ਦੇ ਤਹਿਤ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬੁੱਧਵਾਰ ਨੂੰ ਚੀਨ ਲਈ ਅਮਰੀਕਾ ਤੋਂ ਜਾਸੂਸੀ ਕਰਕੇ ਪਰਤ ਰਿਹਾ ਸੀ।
ਵਿਭਾਗ ਨੇ ਅੱਗੇ ਦੱਸਿਆ ਹੈ ਕਿ ਯੀਓ ਨੇ ਅਮਰੀਕੀ ਸੰਘੀ ਅਦਾਲਤ ਵਿਚ ਮੰਨਿਆ ਹੈ ਕਿ ਉਹ ਚੀਨੀ ਇੰਟੈਲੀਜੈਂਸ ਤੋਂ ਮਿਲਣ ਵਾਲੇ ਪੈਸਿਆਂ ਲਈ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਯੀਓ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਪਿਛਲੀ ਖੁਫੀਆ ਜ਼ਿੰਮੇਵਾਰੀ ਵਿਚ, ਉਸ ਨੇ ਅਮਰੀਕਾ ਤੋਂ ਇਲਾਵਾ ਹੋਰ ਰਾਜਾਂ ਦੀ ਵੀ ਜਾਸੂਸੀ ਕੀਤੀ ਸੀ।ਆਈ.ਐਸ.ਡੀ. ਇਹ ਜਾਣਨ ਲਈ ਯੀਓ ਤੋਂ ਪੁੱਛਗਿੱਛ ਕਰੇਗੀ ਕਿ ਉਹ ਸਿੰਗਾਪੁਰ ਦੀ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਸਬੰਧੀ ਗਤੀਵਿਧੀਆਂ ਨਾਲ ਜੁੜਿਆ ਸੀ ਕਿ ਨਹੀਂ।
ਸਿੰਗਾਪੁਰ ਦੇ ਵਿਭਾਗ ਨੇ ਜ਼ੋਰ ਦਿੱਤਾ ਕਿ "ਕਿਸੇ ਵੀ ਵਿਦੇਸ਼ੀ ਸਰਕਾਰਾਂ ਦੁਆਰਾ ਸਾਡੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾ ਲਈ ਖ਼ਤਰਾ ਪੈਦਾ ਕਰਨ ਵਾਲੀ ਗਤੀਵਿਧੀਆਂ ਲਈ ਸਾਡੇ ਨਾਗਰਿਕਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।" ਜੇ ਕਿਸੇ ਦੇਸ਼ ਦਾ ਨਾਗਰਿਕ ਵਿਦੇਸ਼ੀ ਸਰਕਾਰ ਨਾਲ ਗੁਪਤ ਰਿਸ਼ਤੇ ਰਖਦਾ ਹੈ ਜਾਂ ਵਿਦੇਸ਼ੀ ਸ਼ਕਤੀਆਂ ਦੇ ਇਸ਼ਾਰੇ 'ਤੇ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਰਕਾਰ ਬਹੁਤ ਹੀ ਗੰਭੀਰ ਕਦਮ ਚੁੱਕੇਗੀ। ਆਈ.ਐਸ.ਡੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਨਾਲ ਸਖ਼ਤੀ ਅਤੇ ਕਾਨੂੰਨ ਮੁਤਾਬਕ ਨਜਿੱਠਿਆ ਜਾਵੇਗਾ।