ਸਿੰਗਾਪੁਰ 'ਚ ਭਾਰਤ ਸਮੇਤ ਇਹ ਦੇਸ਼ ਕਰਨਗੇ ਹਿੰਦ-ਪ੍ਰਸ਼ਾਂਤ ਖੇਤਰ 'ਤੇ ਬੈਠਕ
Thursday, Nov 15, 2018 - 11:31 AM (IST)

ਸਿਡਨੀ/ਸਿੰਗਾਪੁਰ (ਬਿਊਰੋ)— ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣੀਆਂ 'ਸਾਂਝੀਆਂ ਵਚਨਬੱਧਤਾਵਾਂ' ਨੂੰ ਦੁਹਰਾਉਣ ਲਈ ਵੀਰਵਾਰ ਨੂੰ ਸਿੰਗਾਪੁਰ ਵਿਚ ਬੈਠਕ ਕਰਨਗੇ। ਅਮਰੀਕਾ ਨੇ ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਕ ਬਿਆਨ ਮੁਤਾਬਕ ਦੱਖਣ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਪ੍ਰਧਾਨ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਜ਼ ਅਤੇ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਪ੍ਰਧਾਨ ਉਪ ਸਹਾਇਕ ਮੰਤਰੀ ਡਬਲਊ ਪੈਟ੍ਰਿਕ ਮਰਫੀ ਬੈਠਕ ਵਿਚ ਅਮਰੀਕਾ ਦੀ ਨੁਮਾਇੰਦਗੀ ਕਰਨਗੇ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ,''ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸਪੱਸ਼ਟ ਅਤੇ ਪਾਰਦਰਸ਼ੀ ਨਿਯਮਾਂ ਦੇ ਆਧਾਰ 'ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਣਾਈ ਰੱਖਣ ਅਤੇ ਉਸ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦੁਹਰਾਉਣ ਲਈ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ।'' ਵੇਲਜ਼ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਹੋਰ ਹਿੱਸੇਦਾਰਾਂ ਨਾਲ ਦੋ-ਪੱਖੀ ਬੈਠਕਾਂ ਵਿਚ ਵੀ ਹਿੱਸਾ ਲੈਣਗੇ।