ਸਿੰਗਾਪੁਰ ''ਚ ਭਾਰਤੀ ਵਿਅਕਤੀ ਨੂੰ 14 ਹਫ਼ਤਿਆਂ ਦੀ ਜੇਲ੍ਹ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

Wednesday, Feb 11, 2026 - 05:06 PM (IST)

ਸਿੰਗਾਪੁਰ ''ਚ ਭਾਰਤੀ ਵਿਅਕਤੀ ਨੂੰ 14 ਹਫ਼ਤਿਆਂ ਦੀ ਜੇਲ੍ਹ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਸਿੰਗਾਪੁਰ : ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ 36 ਸਾਲਾ ਵਿਅਕਤੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਇਕ ਸਰਕਾਰੀ ਅਧਿਕਾਰੀ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ 14 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਦੋਸ਼ੀ ਦੀ ਪਛਾਣ ਵਿਕਨੇਸਵਰਨ ਵੀ ਮੋਗਨਾਵਲ ਵਜੋਂ ਹੋਈ ਹੈ। ਵਿਕਨੇਸਵਰਨ ਆਪਣੇ ਗੁਆਂਢੀ ਦੇ ਬੱਚਿਆਂ ਦੁਆਰਾ ਸਾਂਝੇ ਗਲਿਆਰੇ (ਕੋਰੀਡੋਰ) 'ਚ ਖੇਡਣ ਕਾਰਨ ਹੋਣ ਵਾਲੇ ਰੌਲੇ-ਰੱਪੇ ਤੋਂ ਪਰੇਸ਼ਾਨ ਸੀ। ਉਸਦੇ ਗੁਆਂਢ 'ਚ ਇੱਕ ਮਲੇਈ-ਮੁਸਲਿਮ ਪਰਿਵਾਰ ਰਹਿੰਦਾ ਸੀ। ਪਿਛਲੇ ਸਾਲ ਦਿਵਾਲੀ ਦੇ ਮੌਕੇ 'ਤੇ, ਜਦੋਂ ਬੱਚੇ ਗਲਿਆਰੇ ਵਿੱਚ ਖੇਡ ਰਹੇ ਸਨ ਤਾਂ ਉਹ ਉਨ੍ਹਾਂ ਦੇ ਰੌਲੇ ਤੋਂ ਨਾਰਾਜ਼ ਹੋ ਗਿਆ। ਉਸਦਾ ਦਾਅਵਾ ਸੀ ਕਿ ਬੱਚਿਆਂ ਦੇ ਸ਼ੋਰ ਕਾਰਨ ਉਸਨੂੰ ਆਪਣੇ ਘਰ ਵਿੱਚ ਰੱਖਿਆ ਇੱਕ ਪ੍ਰੋਗਰਾਮ ਰੱਦ ਕਰਨਾ ਪਿਆ।

ਸ਼ਰਮਨਾਕ ਕਾਰਾ
ਗੁੱਸੇ ਵਿੱਚ ਆ ਕੇ ਵਿਕਨੇਸਵਰਨ ਨੇ ਇੱਕ ਬੇਹੱਦ ਇਤਰਾਜ਼ਯੋਗ ਕਦਮ ਚੁੱਕਿਆ। ਇਹ ਜਾਣਦੇ ਹੋਏ ਕਿ ਇਸਲਾਮ ਵਿੱਚ ਸੂਰ ਦਾ ਮਾਸ ਵਰਜਿਤ ਹੈ, ਉਸਨੇ ਸੂਰ ਦੇ ਮਾਸ ਦਾ ਇੱਕ ਡੱਬਾ ਖੋਲ੍ਹ ਕੇ ਗਲਿਆਰੇ ਦੇ ਫਰਸ਼ 'ਤੇ ਖਿਲਾਰ ਦਿੱਤਾ ਤਾਂ ਜੋ ਗੁਆਂਢੀ ਪਰਿਵਾਰ ਨੂੰ ਉੱਥੋਂ ਲੰਘਦੇ ਸਮੇਂ ਉਹ ਦਿਖਾਈ ਦੇਵੇ। ਉਸ ਦਿਨ ਰਾਤ ਨੂੰ ਉਸਨੇ ਖੁਦ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸਦਾ ਮਨ ਕਰ ਰਿਹਾ ਹੈ ਕਿ ਉਹ ਆਪਣੇ ਗੁਆਂਢੀ ਦੇ ਘਰ ਸੂਰ ਦਾ ਮਾਸ ਸੁੱਟ ਦੇਵੇ।

ਅਦਾਲਤੀ ਕਾਰਵਾਈ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਵਜੋਂ ਫੋਟੋਆਂ ਲਈਆਂ ਅਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਕਨੇਸਵਰਨ ਨੇ ਇੱਕ ਹੋਰ ਮਾਮਲੇ ਵਿੱਚ ਫਰਵਰੀ 2025 ਵਿੱਚ ਪੁਲਸ ਅਧਿਕਾਰੀ ਨੂੰ ਅਪਸ਼ਬਦ ਬੋਲਣ ਦਾ ਦੋਸ਼ ਵੀ ਕਬੂਲ ਕੀਤਾ ਹੈ।

ਸਰਕਾਰੀ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਵਿਕਨੇਸਵਰਨ ਨੇ ਬੇਹੱਦ "ਅਪਰਿਪੱਕਤਾ ਅਤੇ ਸ਼ਰਮਨਾਕ ਹਰਕਤ" ਕੀਤੀ ਹੈ। ਹਾਲਾਂਕਿ, ਅਦਾਲਤ ਵਿੱਚ ਦੋਸ਼ੀ ਨੇ ਆਪਣੇ ਕੀਤੇ 'ਤੇ ਪਛਤਾਵਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੇ ਇਸ ਕਾਰੇ ਲਈ ਸ਼ਰਮਿੰਦਾ ਹੈ। ਅਦਾਲਤ ਨੇ ਦੋਵਾਂ ਦੋਸ਼ਾਂ ਤਹਿਤ ਉਸਨੂੰ 14 ਹਫ਼ਤਿਆਂ ਦੀ ਸਜ਼ਾ ਸੁਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News