ਭਾਰਤੀ ਮੂਲ ਦੇ ਸ਼ਖਸ ਨੂੰ ਝੂਠੀ ਅਫਵਾਹ ਫੈਲਾਉਣ ਦੇ ਮਾਮਲੇ ''ਚ ਜੇਲ
Tuesday, Jan 22, 2019 - 12:50 PM (IST)

ਸਿੰਗਾਪੁਰ (ਭਾਸ਼ਾ)— ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸਿੰਗਾਪੁਰ ਦੇ ਪਹਿਲੇ ਪ੍ਰਧਾਨ ਮੰਤਰੀ ਲੀ ਕਵਾਨ ਯੂ ਦੇ ਆਵਾਸ 'ਤੇ ਬੰਬ ਹੋਣ ਦੀ ਅਫਵਾਹ ਫੈਲਾਉਣ ਦੇ ਮਾਮਲੇ ਵਿਚ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਲ 2004 ਦਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਗਣੇਸ਼ਨ ਸਿੰਗਾਰਾਵੇਲ (61) ਨੂੰ ਦੂਰਸੰਚਾਰ ਐਕਟ ਤਹਿਤ ਦੋਸ਼ੀ ਪਾਇਆ ਗਿਆ। ਗਣੇਸ਼ਨ ਨੇ 13 ਨਵੰਬਰ 2004 ਨੂੰ ਸ਼ਰਾਬ ਪੀ ਕੇ ਨਸ਼ੇ ਵਿਚ ਜਨਤਕ ਟੈਲੀਫੋਨ ਬੂਥ ਤੋਂ ਪੁਲਸ ਨੂੰ ਫੋਨ ਕਰ ਕੇ ਯੂ ਦੇ ਘਰ ਨੇੜੇ ਬੰਬ ਹੋਣ ਦੀ ਗੱਲ ਕਹੀ ਸੀ।
ਸਰਕਾਰੀ ਡਿਪਟੀ ਵਕੀਲ ਬੇਂਜਾਮਿਨ ਸਮਯਨਾਥਨ ਨੇ ਸੋਮਵਾਰ ਨੂੰ ਅਦਾਲਤ ਵਿਚ ਕਿਹਾ,''ਦੋਸ਼ੀ ਨੇ ਥਾਈਲੈਂਡ ਦੂਤਘਰ ਨੇੜੇ ਇਕ ਜਨਤਕ ਟੈਲੀਫੋਨ ਬੂਥ ਤੋਂ ਫੋਨ ਕੀਤਾ ਸੀ। ਫੋਨ 'ਤੇ ਦਿੱਤਾ ਗਿਆ ਸੰਦੇਸ਼ ਸਪੱਸ਼ਟ ਤੌਰ 'ਤੇ ਝੂਠਾ ਸੀ ਅਤੇ ਦੋਸ਼ੀ ਨੂੰ ਵੀ ਇਸ ਦੀ ਜਾਣਕਾਰੀ ਸੀ।'' ਉਨ੍ਹਾਂ ਨੇ ਕਿਹਾ,''ਫੋਨ ਆਉਣ ਦੇ ਬਾਅਦ ਪੁਲਸ ਦੀ ਇਕ ਗਸ਼ਤੀ ਟੀਮ ਨੂੰ ਗਣੇਸ਼ਨ ਤੋਂ ਪੁੱਛਗਿੱਛ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ ਗਿਆ। ਪੁੱਛਗਿੱਛ ਦੌਰਾਨ ਉਹ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰ ਰਿਹਾ ਸੀ। ਇਸ ਵਿਚ ਯੂ ਦੇ ਘਰ ਨੇੜੇ ਤਾਇਨਾਤ ਅਧਿਕਾਰੀਆਂ ਨੂੰ ਸੁਰੱਖਿਆ ਹੋਰ ਸਖਤ ਕਰਨ ਲਈ ਕਿਹਾ ਗਿਆ।''
ਗਣੇਸ਼ਨ ਵਿਰੁੱਧ 16 ਨਵੰਬਰ 2004 ਨੂੰ ਦੋਸ਼ ਤੈਅ ਕੀਤੇ ਗਏ ਪਰ ਇਸ ਦੇ ਦੋ ਮਹੀਨੇ ਬਾਅਦ ਹੀ ਉਹ ਸਿੰਗਾਪੁਰ ਤੋਂ ਭੱਜ ਗਿਆ। ਉਸ ਸਮੇਂ ਉਹ ਜਮਾਨਤ 'ਤੇ ਸੀ। ਬੀਤੇ ਸਾਲ ਉਸ ਨੂੰ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਉੱਥੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਿੰਗਾਪੁਰ ਜਾਣਾ ਚਾਹੁੰਦਾ ਹੈ। ਇਸ ਮਗਰੋਂ 15 ਜੁਲਾਈ ਨੂੰ ਉਸ ਨੂੰ ਸਿੰਗਾਪੁਰ ਪਹੁੰਚਦੇ ਹੀ ਹਿਰਾਸਤ ਵਿਚ ਲੈ ਲਿਆ ਗਿਆ।