ਸਿੰਗਾਪੁਰ ਨੇ ਭਾਰਤ ਤੋਂ ਆ ਰਹੇ ਯਾਤਰੀਆਂ ਲਈ ਇਕਾਂਤਵਾਸ ’ਚ ਰਹਿਣ ਦੀ ਮਿਆਦ ਘਟਾਈ
Wednesday, Jun 23, 2021 - 05:51 PM (IST)
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਨੇ ਭਾਰਤ ਸਮੇਤ ਉਚ ਜੋਖ਼ਮ ਵਾਲੇ ਦੇਸ਼ਾਂ ਤੋਂ ਪਰਤ ਰਹੇ ਨਵੇਂ ਯਾਤਰੀਆਂ ਲਈ ਵੀਰਵਾਰ ਤੋਂ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਮਿਆਦ 21 ਦਿਨ ਤੋਂ ਘਟਾ ਕੇ 14 ਦਿਨ ਕਰ ਦਿੱਤੀ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਨੇ ਕਿਹਾ, ‘ਇਹ ਪਿਛਲੇ ਮਹੀਨੇ ਇਕੱਠੇ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹੈ। ਚੈਨਲ ਨਿਊਜ਼ ਏਸ਼ੀਆ ਨੇ ਖ਼ਬਰ ਦਿੱਤੀ ਕਿ ਇਨ੍ਹਾਂ ਯਾਤਰੀਆਂ ਨੂੰ ਪੀ.ਸੀ.ਆਰ. ਜਾਂਚ ਦੇ ਇਲਾਵਾ ਐਂਟੀਜਨ ਰੈਪਿਡ ਟੈਸਟ (ਏ.ਆਰ.ਟੀ.) ਕਿੱਟਾਂ ਨਾਲ ਖ਼ੁਦ ਨਿਯਮਿਤ ਤੌਰ ’ਤੇ ਜਾਂਚ ਕਰਨੀ ਹੋਵੇਗੀ।’
ਮੰਤਰਾਲਾ ਨੇ ਕਿਹਾ ਕਿ ਹਾਲ ਫਿਲਹਾਲ ਤੱਕ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਬਾਰੇ ਵਿਚ ਕਾਫ਼ੀ ਘੱਟ ਜਾਣਕਾਰੀ ਸੀ, ਜਿਸ ਵਿਚ ਇੰਫੈਕਸ਼ਨ ਦੀ ਮਿਆਦ ਸ਼ਾਮਲ ਹੈ। ਸਾਵਧਾਨੀ ਦੇ ਤੌਰ ’ਤੇ ਸਿਹਤ ਮੰਤਰਾਲਾ ਨੇ ਉਚ ਜੋਖ਼ਮ ਵਾਲੇ ਸਥਾਨਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਘਰ ਵਿਚ 21 ਦਿਨ ਤੱਕ ਰਹਿਣਾ ਜ਼ਰੂਰੀ ਕਰ ਦਿੱਤਾ ਸੀ। ਆਸਟ੍ਰੇਲੀਆ, ਬਰੂਨੇਈ, ਦਾਰੂਸਤਲਾਮ, ਹਾਂਗਕਾਂਗ, ਮਕਾਊ, ਚੀਨ ਅਤੇ ਨਿਊਜ਼ੀਲੈਂਡ ਦੇ ਇਲਾਵਾ ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਉਚ ਜੋਖ਼ਮ ਵਾਲੇ ਦੇਸ਼ ਮੰਨਿਆ ਜਾਂਦਾ ਹੈ।
ਮੰਤਰਾਲਾ ਨੇ ਕਿਹਾ, ‘ਅਸੀਂ ਅੰਤਰਰਾਸ਼ਟਰੀ ਸਬੂਤ ਅਤੇ ਸਥਾਨਕ ਮਾਮਲਿਆਂ ਦੇ ਅੰਕੜਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਅਤੇ ਸਥਾਨਕ ਅੰਕੜਿਆਂ ਤੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਾਬਤ ਹੁੰਦਾ ਹੋਵੇ ਕਿ ਇਹ ਵੈਰੀਐਂਟ ਲੰਬੇ ਸਮੇਂ ਤੱਕ ਰਹਿੰਦੇ ਹਨ।’ ਮੰਤਰਾਲਾ ਨੇ ਦੱਸਿਆ ਕਿ ਸਿੰਗਾਪੁਰ ਵਿਚ 8 ਮਈ ਨੂੰ ਉਚ ਜੋਖ਼ਮ ਵਾਲੇ ਸਥਾਨਾਂ ਤੋਂ ਆਉਣ ਵਾਲੇ ਯਾਤਰੀਆਂ ਲਈ 21 ਦਿਨ ਤੱਕ ਘਰ ਵਿਚ ਰਹਿਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਬਾਅਦ ਸਿੰਗਾਪੁਰ ਵਿਚ 22 ਜੂਨ ਤੱਕ ਇਸ ਸਮੂਹ ਵਿਚ ਇੰਫੈਕਸ਼ਨ ਦੇ 270 ਮਾਮਲੇ ਆਏ।
ਮੰਤਰਾਲਾ ਨੇ ਕਿਹਾ, ‘ਇਨ੍ਹਾਂ ਸਾਰਿਆਂ ਵਿਚ ਇੰਫੈਕਸ਼ਨ 14 ਦਿਨ ਦੇ ਅੰਦਰ ਖ਼ਤਮ ਹੋ ਗਿਆ। ਅਜਿਹੇ ਵਿਚ ਅਸੀਂ ਘਰ ਵਿਚ ਰਹਿਣ ਦੀ ਮਿਆਦ 21 ਦਿਨ ਤੋਂ ਘਟਾ ਕੇ 14 ਦਿਨ ਕਰਾਂਗੇ।’ ਨਵੇਂ ਯਾਤਰੀਆਂ ਨੂੰ ਸਿੰਗਾਪੁਰ ਆਉਣ ਦੇ ਤੀਜੇ, ਸੱਤਵੇਂ ਅਤੇ 11ਵੇਂ ਦਿਨ ਘਰ ਵਿਚ ਰਹਿੰਦੇ ਹੋਏ ਖ਼ੁਦ ਹੀ ਏ.ਆਰ.ਟੀ. ਜਾਂਚ ਕਰਾਉਣੀ ਹੋਵੇਗੀ। ਉਨ੍ਹਾਂ ਨੂੰ ਸਿੰਗਾਪੁਰ ਪਹੁੰਚਣ ਅਤੇ ਘਰ ਵਿਚ ਰਹਿਣ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ 14ਵੇਂ ਦਿਨ ਪੀ.ਸੀ.ਆਰ. ਜਾਂਚ ਵੀ ਕਰਾਉਣੀ ਹੋਵੇਗੀ। ਹਾਲਾਂਕਿ ਉਚ ਜੋਖ਼ਮ ਵਾਲੇ ਦੇਸ਼ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਕੋਈ ਬਦਲਾਅ ਨਹੀਂ ਹੈ।