ਬਲੂਚ ਲੋਕਾਂ ''ਤੇ ਪਾਕਿਸਤਾਨ ਦੇ ਤਸ਼ੱਦਦ ਖ਼ਿਲਾਫ਼ ਕੈਨੇਡਾ ''ਚ ਵਿਰੋਧ ਪ੍ਰਦਰਸ਼ਨ
Thursday, Oct 08, 2020 - 01:18 PM (IST)

ਟੋਰਾਂਟੋ- ਪਾਕਿਸਤਾਨ ਵਿਚ ਬਲੂਚ ਲੋਕਾਂ 'ਤੇ ਵਧ ਰਹੇ ਤਸ਼ੱਦਦਾਂ ਖ਼ਿਲਾਫ਼ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਆਵਾਜ਼ ਉਠਾਈ ਗਈ। ਇੱਥੇ ਪਾਕਿਸਾਤਾਨ ਫ਼ੌਜ ਦੇ ਖ਼ਿਲਾਫ਼ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਤੇ ਵਿਰੋਧ ਪ੍ਰਦਰਸ਼ਨ ਕੀਤੇ। ਇਨ੍ਹਾਂ ਲੋਕਾਂ ਨੇ ਮੰਗ ਕੀਤੀ ਕਿ ਇਮਰਾਨ ਸਰਕਾਰ ਬਲੂਚ ਨੌਜਵਾਨਾਂ ਦਾ ਕਤਲ ਤੇ ਅਗਵਾ ਕਰਨ ਦੀਆਂ ਵਾਰਦਾਤਾਂ 'ਤੇ ਰੋਕ ਲਾਵੇ।
ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਵਿਰੋਧੀ ਨਾਅਰੇ ਲਗਾਏ ਅਤੇ ਇਮਰਾਨ ਸਰਕਾਰ ਨੂੰ ਫ਼ੌਜੀ ਮੁਹਿੰਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ । ਇਸ ਮੁਹਿੰਮ ਵਿਚ ਬੀਤੇ ਕੁਝ ਹਫ਼ਤਿਆਂ ਦੌਰਾਨ ਦਰਜਨਾਂ ਬਲੂਚ ਨੌਜਵਾਨਾਂ, ਮਨੁੱਖੀ ਅਧਿਕਾਰ ਕਾਰਜਕਰਤਾਵਾਂ ਅਤੇ ਨੇਤਾਵਾਂ ਦਾ ਸਫਾਇਆ ਕਰ ਦਿੱਤਾ ਗਿਆ।
ਪਾਕਿਸਤਾਨੀ ਫ਼ੌਜ ਦੇ ਤਸ਼ੱਦਦਾਂ ਕਾਰਨ ਇਨ੍ਹਾਂ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ ਹੈ। ਬਲੂਚ ਲੋਕ ਆਪਣੇ ਭਾਈਚਾਰੇ ਖ਼ਿਲਾਫ਼ ਪਾਕਿ ਫ਼ੌਜ ਦੇ ਤਸ਼ੱਦਦਾਂ ਨੂੰ ਸਾਹਮਣੇ ਲਿਆਉਣ ਲਈ ਯੂਰਪ, ਉੱਤਰੀ ਅਮਰੀਕਾ ਸਣੇ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਵਿਚ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ 45ਵੇਂ ਸੈਸ਼ਨ ਵਿਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਇਸ ਵਿਚ ਦਖ਼ਲ ਦੇਣ ਦੀ ਅਪੀਲ ਵੀ ਕੀਤੀ ਹੈ। ਪਾਕਿਸਤਾਨ ਵਿਚ ਸਿੰਧੀ ਭਾਈਚਾਰਾ ਵੀ ਅਜਿਹੇ ਤਸ਼ੱਦਦ ਸਹਿਣ ਕਰ ਰਿਹਾ ਹੈ।
ਵਰਲਡ ਸਿੰਧੀ ਭਾਈਚਾਰਾ ਕੈਨੇਡਾ ਦੇ ਆਯੋਜਕ ਹਜਾਨ ਕਲਹੋਰੋ ਨੇ ਕਿਹਾ ਕਿ ਹਜ਼ਾਰਾਂ ਬਲੂਚ ਤੇ ਸਿੰਧੀ ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਇਸ ਖ਼ਿਲਾਫ ਸਾਰੀ ਦੁਨੀਆ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ।