ਅਮਰੀਕਾ ''ਤੇ 11 ਸਤੰਬਰ ਹਮਲੇ ਦੇ ਯਾਦਗਾਰੀ ਸਮਾਰੋਹ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Sunday, Sep 15, 2024 - 12:41 PM (IST)

ਅਮਰੀਕਾ ''ਤੇ 11 ਸਤੰਬਰ ਹਮਲੇ ਦੇ ਯਾਦਗਾਰੀ ਸਮਾਰੋਹ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਨਿਊਯਾਰਕ, (ਰਾਜ ਗੋਗਨਾ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ, 2001 ਨੂੰ ਨਿਊਯਾਰਕ ਵਿਖੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਅਤੇ ਪੈਂਟਾਗਨ 'ਤੇ ਹੋਏ ਅੱਤਵਾਦੀ ਹਮਲਿਆਂ ਦੀ 23ਵੀਂ ਵਰ੍ਹੇਗੰਢ ਸੰਬੰਧੀ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹ ਸਲਾਨਾ ਯਾਦਗਾਰੀ ਸਮਾਗਮ ਸ਼ਹਿਰ ਦੇ ਪੁਲਸ ਅਤੇ ਫਾਇਰ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜੋ ਵਰਲਡ ਟਰੇਡ ਸੈਂਟਰ ਵਿਖੇ ਮਾਰੇ ਗਏ 26000 ਤੋਂ ਵੱਧ ਲੋਕਾਂ, ਪੈਂਟਾਗਨ ਵਿੱਚ 184 ਅਤੇ ਪੈਨਸਿਲਵੇਨੀਆ ਵਿੱਚ ਜਹਾਜ਼ ਦੀ ਦੁਰਘਟਨਾ ਦੇ 40 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।

PunjabKesari

ਸਮਾਰੋਹ ਵਿੱਚ ਝੰਡਾ ਨੀਵਾਂ ਕੀਤਾ ਗਿਆ, ਫੌਜ ਦੇ ਜਵਾਨਾਂ ਵਲੌਂ ਫੁੱਲ ਚੜਾਏ ਗਏ, ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਵੇਰ ਦੇ 8:46 ਵਜੇ ਇੱਕ ਰਸਮੀ ਘੰਟੀ ਵਜਾਈ ਗਈ, ਜੱਦ ਪਹਿਲਾ ਜਹਾਜ਼ ਟਾਵਰ ਨਾਲ ਟਕਰਾਇਆ ਸੀ। ਬੀਵਰਕ੍ਰੀਕ ਦੇ ਮੇਅਰ ਡੋਨ ਐਡਮਜ਼ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ।ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਅਤੇ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਂਬਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ, “ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਸਭਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਨ੍ਹਾਂ ਹਮਲਿਆਂ ਵਿੱਚ ਆਪਣੀ ਜਾਨ ਗੁਆ ਦਿੱਤੀ। ਇਸ ਵਿੱਚ ਪੁਲਸ ਅਧਿਕਾਰੀ, ਅੱਗ ਬੁਝਾਊ, ਤੇ ਮੈਡੀਕਲ ਸੇਵਾਵਾਂ ਦੇ ਅਮਲੇ ਦੇ ਮੈਂਬਰ ਵੀ ਸ਼ਾਮਲ ਸਨ।ਗੁਮਟਾਲਾ ਨੇ ਦੱਸਿਆ ਕਿ ਇਸ ਸਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਜਿੱਥੇ ਸਟੀਲ ਦਾ ਇੱਕ 25-ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ, ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਿਲਾਂ ਵਿਚਕਾਰ ਲੱਗਾ ਹੋਇਆ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦਾ ਵੱਡਾ ਬਿਆਨ, ਭਾਰਤੀ ਪ੍ਰਤਿਭਾ ਦੁਨੀਆ 'ਚ ਬੇਮਿਸਾਲ, ਅਮਰੀਕਾ 'ਚ ਉਨ੍ਹਾਂ ਦਾ ਸਵਾਗਤ

ਇਸ ਟੁਕੜੇ ਨੂੰ ਦੋ ਅੱਗ ਬੁਝਾਉ ਦਸਤਿਆਂ ਦੁਆਰਾ ਬੀਵਰਕ੍ਰੀਕ ਵਿੱਚ ਲਿਆਂਦਾ ਗਿਆ ਸੀ ਜੋ ਓਹੀਓ ਟਾਸਕ ਫੋਰਸ ਵਨ ਦਾ ਹਿੱਸਾ ਸਨ ਅਤੇ ਇਨ੍ਹਾਂ ਨੇ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ ਸੀ।ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਡਾ. ਦਰਸ਼ਨ ਸਿੰਘ ਸਹਿਬੀ ਅਤੇ ਡਾ. ਸਿਮਰਨ ਕੌਰ ਸਹਿਬੀ ਵੀ ਸ਼ਾਮਲ ਸਨ।ਹਰ ਸਾਲ ਸਿੱਖ ਭਾਈਚਾਰੇ ਵਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਹਮਲੇ ਤੋਂ ਚਾਰ ਦਿਨ ਬਾਅਦ ਉਹਨਾਂ ਦੇ ਮੀਸਾ, ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ "ਮੁਸਲਮਾਨਾਂ ਨੂੰ ਮਾਰਨਾ" ਚਾਹੁੰਦਾ ਸੀ। ਇਹ 9/11 ਦੇ ਹਮਲੇ ਤੋਂ ਬਾਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ।ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੇ ਬਹੁਰ ਸਾਰੇ ਇਹਨਾਂ ਪਿਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਯਾਦਗਾਰਾਂ 'ਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਟ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News