ਇਟਲੀ 'ਚ ਇਕ ਹੋਰ ਸਿੱਖ ਨੂੰ ਸਿਰੀ ਸਾਹਿਬ ਨੂੰ ਲੈ ਕੇ ਪੁਲਸ ਵੱਲੋਂ ਕੀਤਾ ਗਿਆ ਖੱਜਲ-ਖੁਆਰ, ਸਿੱਖ ਸੰਗਤਾਂ 'ਚ ਰੋਸ

03/10/2024 12:13:36 AM

ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਸਿੱਖ ਧਰਮ ਦੇ ਕਕਾਰਾਂ ਨੂੰ ਲੈ ਕੇ ਹੁਣ ਤੱਕ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਿੱਖ ਸੰਗਤਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੱਕ ਸਿੱਖ ਧਰਮ ਇਟਲੀ ਵਿੱਚ ਰਜਿਸਟਰਡ ਨਹੀਂ ਹੁੰਦਾ ਸ਼ਾਇਦ ਉਦੋਂ ਤੱਕ ਇਹ ਪ੍ਰੇਸ਼ਾਨੀਆਂ ਸਿੱਖ ਸੰਗਤਾਂ ਨੂੰ ਝੱਲਣੀਆਂ ਹੀ ਪੈਣਗੀਆਂ ਕਿਉਂਕਿ ਸਿੱਖ ਧਰਮ ਦੇ 5 ਕਕਾਰਾਂ ਵਿੱਚ ਇੱਕ ਕਕਾਰ ਸਿਰੀ ਸਾਹਿਬ ਇਟਾਲੀਅਨ ਕਾਨੂੰਨ ਦੀ ਨਿਗ੍ਹਾ ਵਿੱਚ ਇੱਕ ਹਥਿਆਰ ਹੈ।

ਕਿਸੇ ਸਿੱਖ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਪੈਂਦਾ ਹੈ ਜਾਂ ਕੋਈ ਵਿਸ਼ੇਸ਼ ਜਾਂਚ, ਜਿਵੇਂ ਕਿਸੇ ਪੁਲਸ ਨਾਕੇ 'ਤੇ ਹੋਵੇ, ਸਿੱਖਾਂ ਨੂੰ ਹਮੇਸ਼ਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਵਾਕਿਆ ਇਟਲੀ ਦੇ ਮਿੰਨੀ ਪੰਜਾਬ ਸੂਬੇ ਲਾਸੀਓ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਉਦੋਂ ਦੇਖਣ ਨੂੰ ਮਿਲਿਆ ਜਦੋਂ ਇੱਕ 21 ਸਾਲ ਦੇ ਅੰਮ੍ਰਿਤਧਾਰੀ ਸਿੰਘ ਦੀ ਪੁਲਸ ਨੇ ਇਹ ਕਹਿ ਕੇ ਨਾਕੇ 'ਤੇ ਰੋਕ ਲਿਆ ਗਿਆ ਕਿ ਉਸ ਕੋਲ ਮਿਲੀ ਸਿਰੀ ਸਾਹਿਬ ਦਾ ਆਕਾਰ ਵੱਡਾ ਹੈ ਤੇ ਇਟਾਲੀਅਨ ਕਾਨੂੰਨ ਉਸ ਨੂੰ ਇਹ ਪਹਿਨਣ ਦੀ ਇਜ਼ਾਜ਼ਤ ਨਹੀਂ ਦਿੰਦਾ।

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)

ਪੁਲਸ ਨੇ ਸਿਰੀ ਸਾਹਿਬ ਨੂੰ ਇੱਕ ਹਥਿਆਰ ਮੰਨਦਿਆਂ ਪਹਿਲਾਂ ਤਾਂ ਸਿੰਘ ਕੋਲੋ ਸਿਰੀ ਸਾਹਿਬ ਜ਼ਬਤ ਕਰ ਲਈ ਤੇ ਫ਼ਿਰ ਜਦੋਂ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸਾਡੇ ਸਿੱਖ ਧਰਮ ਦੇ 5 ਕਕਾਰਾਂ ਵਿੱਚੋਂ ਇਹ ਵੀ ਇੱਕ ਕਕਾਰ ਹੈ ਤਾਂ ਪੁਲਸ ਨੇ ਫਿਰ ਸਾਰੇ ਕੇਸ ਨੂੰ ਚੰਗੀ ਤਰ੍ਹਾਂ ਘੋਖਿਆ। ਪੁਲਸ ਨੇ ਸਿੱਖ ਧਰਮ ਦੇ 5 ਕਕਾਰਾਂ ਨੂੰ ਸਮਝਦਿਆਂ ਸਿੰਘ ਨੂੰ ਕਿਹਾ ਕਿ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਨਹੀਂ ਜਿਸ ਕਾਰਨ ਉਹ ਵੱਡੇ ਆਕਾਰ ਦੇ ਸਿਰੀ ਸਾਹਿਬ ਨੂੰ ਨਹੀਂ ਪਾ ਸਕਦਾ।

ਉਂਝ ਇਟਲੀ ਵਿੱਚ ਹਜ਼ਾਰਾਂ ਅੰਮ੍ਰਿਤਧਾਰੀ ਸਿੰਘ ਰਹਿੰਦੇ ਹਨ, ਜਿਹੜੇ ਕਿ ਸਿਰੀ ਸਾਹਿਬ 6 ਸੈਂਟੀਮੀਟਰ ਤੱਕ ਪਹਿਨਦੇ ਹਨ ਪਰ ਇਸ ਸਿੰਘ ਦੀ ਸਿਰੀ ਸਾਹਿਬ 4 ਇੰਚ ਤੋਂ ਵੱਡੀ ਹੈ ਜਿਸ ਨੂੰ ਪੁਲਸ ਨੇ ਆਪ ਨਾਪਿਆ ਸੀ। ਸਿਰੀ ਸਾਹਿਬ ਦਾ ਆਕਾਰ ਵੱਡਾ ਹੋਣ ਕਾਰਨ ਪੁਨਤੀਨੀਆ ਰਹਿੰਦੇ ਸਿੰਘ ਨੂੰ ਇਟਲੀ ਪੁਲਸ ਵੱਲੋਂ ਕੀਤੀ ਗਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਪੁਲਸ ਨੇ ਸਿੰਘ ਨੂੰ ਵੱਡੀ ਸਿਰੀ ਸਾਹਿਬ ਦੇ ਆਕਾਰ ਨੂੰ ਲੈ ਚਿਤਾਵਨੀ ਦੇ ਕੇ ਸਿਰੀ ਸਾਹਿਬ ਵਾਪਸ ਕਰ ਦਿੱਤੀ ਪਰ ਇਸ ਮੰਦਭਾਗੀ ਘਟਨਾ ਨਾਲ ਇਟਲੀ 'ਚ ਰਹਿੰਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। 

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ 2 ਸਿਰਮੌਰ ਸਿੱਖ ਸੰਸਥਾਵਾਂ ਕੌਮੀ ਪੱਧਰ 'ਤੇ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਅਨੁਸਾਰ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਹੋਣ ਦਾ ਇਤਿਹਾਸਕ ਫੈਸਲਾ ਕੰਢੇ ਉੱਪਰ ਹੀ ਹੈ ਪਰ ਅਫ਼ਸੋਸ ਉਹ ਕੰਢਾ ਸਿੱਖ ਸੰਗਤਾਂ ਨੂੰ ਪਿਛਲੇ ਕਈ ਸਾਲਾਂ ਤੋਂ ਕਿਹੜਾ ਹੈ ਪਤਾ ਨਹੀਂ ਲੱਗ ਸਕਿਆ।ਸੰਗਤਾਂ ਦੁੱਚਿਤੀ ਵਿੱਚ ਹਨ ਕਿ ਆਖ਼ਿਰ ਕਿਉਂ ਅਸੀ ਹਰ ਸਾਲ ਲੱਖਾਂ ਯੂਰੋ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਸਮਾਗਮਾਂ ਵਿੱਚ ਖਰਚ ਕੇ ਵੀ ਇਟਾਲੀਅਨ ਪ੍ਰਸ਼ਾਸਨ ਨੂੰ ਮਹਾਨ ਸਿੱਖ ਧਰਮ ਦੇ ਕਕਾਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਦੇਣ ਵਿੱਚ ਅਸਫ਼ਲ ਹੀ ਨਹੀਂ ਸਗੋਂ ਬੁਰੀ ਤਰ੍ਹਾਂ ਫੇ਼ਲ੍ਹ ਹੋ ਰਹੇ ਹਾਂ ਕਿਉਂਕਿ ਅਸੀਂ ਇਟਲੀ ਸਰਕਾਰ ਨੂੰ ਆਰਥਿਕ ਮਦਦ ਵੀ ਸਮੇਂ-ਸਮੇਂ 'ਤੇ ਕਰਦੇ ਆ ਰਹੇ ਹਾਂ। 

ਇਹ ਵੀ ਪੜ੍ਹੋ- CBI ਨੂੰ ਮਿਲੀ ਵੱਡੀ ਕਾਮਯਾਬੀ, ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੂਸ-ਯੂਕ੍ਰੇਨ ਜੰਗ 'ਚ ਧੱਕਣ ਵਾਲੇ ਗਿਰੋਹ ਦਾ ਪਰਦਾਫਾਸ਼

ਸਿੱਖ ਸੰਗਤਾਂ ਮੁਤਾਬਕ ਸਿੱਖ ਸੇਵਾ ਭਾਵਨਾ ਨਾਲ ਹੁਣ ਤੱਕ ਲੱਖਾਂ ਯੂਰੋ ਇਟਲੀ ਸਰਕਾਰ ਨੂੰ ਦੇ ਚੁੱਕੇ ਹਨ ਫਿਰ ਕਿਉਂ ਪੁਲਸ ਪ੍ਰਸ਼ਾਸ਼ਨ ਸਾਡੇ ਮਹਾਨ ਸਿੱਖ ਧਰਮ ਦੇ 5 ਕਕਾਰਾਂ ਨੂੰ ਟਿੱਚ ਕਰਕੇ ਜਾਣਦਾ ਹੈ। ਸਿਰੀ ਸਾਹਿਬ ਜਾਂ ਦਸਤਾਰ ਕਾਰਨ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਂਦੇ ਸਿੱਖਾਂ ਦੇ ਜਲੀਲਪੁਣੇ ਲਈ ਮੁੱਖ ਕਸੂਰਵਾਰ ਕੌਣ ਹੈ ਇਟਲੀ ਸਰਕਾਰ ਜੋ ਜਾਣਬੁੱਝ ਕਿ ਇਹ ਕਰਦੀ ਹੈ ਜਾਂ ਸਾਡੇ ਸਿੱਖ ਆਗੂ ਜਿਹਨਾਂ ਦੀ ਆਪਸੀ ਫੁੱਟ ਸਿੱਖ ਸੰਗਤਾਂ ਨੂੰ ਪਿੰਡੇ ਹੰਡਾਉਣੀ ਪੈ ਰਹੀ ਹੈ। 

ਇਟਲੀ ਵਿੱਚ ਸਿੱਖ ਸੰਗਤਾਂ ਨੂੰ ਇਹ ਗੱਲ ਹੁਣ ਤੱਕ ਸਿੱਖ ਸੰਸਥਾਵਾਂ ਸਮਝਾਉਣ ਵਿੱਚ ਕਿਉਂ ਅਵੇਸਲੀਆਂ ਹਨ ਜਦੋਂ ਕਿ ਪਿਛਲੇ ਇੱਕ ਦਹਾਕੇ ਤੋਂ ਗੁਰਦੁਆਰਿਆਂ ਦੀ ਗਿਣਤੀ ਤਿੱਗਣੀ ਹੋ ਗਈ ਹੈ ਪਰ ਇਸ ਦੇ ਬਾਵਜੂਦ ਇਟਾਲੀਅਨ ਸਮਾਜ ਵਿੱਚ ਅਸੀਂ ਸਿੱਖ ਧਰਮ ਨੂੰ ਲੈ ਕੇ ਇਸ ਦੀ ਹੋਂਦ ਸਾਬਤ ਕਰਨ ਵਿੱਚ ਅਸਫ਼ਲ ਹੋਏ ਹਾਂ। ਇਸ ਸਾਰੇ ਘਟਨਾਕ੍ਰਮ ਲਈ ਕੋਈ ਜ਼ਿੰਮੇਵਾਰ ਹੈ ਉਹ ਹਨ ਸਿੱਖ ਆਗੂ, ਜਿਹੜੇ ਮਹਾਨ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਸੰਗਤਾਂ ਨੂੰ ਦੱਸਣ ਵਿੱਚ ਜਿੰਮੇਵਾਰੀ ਤਨਦੇਹੀ ਨਾਲ ਨਹੀਂ ਨਿਭਾ ਰਹੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News