ਯੂ. ਕੇ. ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਭਾਈਚਾਰੇ ''ਚ ਖੁਸ਼ੀ ਦੀ ਲਹਿਰ

05/19/2019 8:41:11 AM

ਲੰਡਨ, (ਰਾਜਵੀਰ ਸਮਰਾ)— ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐੱਮ. ਪੀ. ਪ੍ਰੀਤ ਕੌਰ ਗਿੱਲ, ਐੱਮ. ਪੀ. ਤਨਮਨਜੀਤ ਸਿੰਘ ਢੇਸੀ, ਐੱਮ. ਪੀ. ਪੈਟ ਫੈਬੀਅਨ, ਐੱਮ. ਪੀ. ਜਿੰਮ ਕਨਿੰਘਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕਿਰਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ-ਵੱਖ ਮੌਕਿਆਂ 'ਤੇ ਵਰਤੋਂ ਕੀਤੀ ਜਾਂਦੀ ਹੈ।

ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਹਾਮੀ ਹਨ ਪਰ ਸਿੱਖਾਂ ਦਾ ਕਿਰਪਾਨ ਨਾਲ ਗਹਿਰਾ ਨਾਤਾ ਹੈ।

ਸਿੱਖਾਂ ਵਲੋਂ ਵੱਖ-ਵੱਖ ਮੌਕਿਆਂ 'ਤੇ ਵੱਡੀ ਕਿਰਪਾਨ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ੁਸ਼ੀ ਹੈ ਕਿ ਸਬੰਧਿਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿੱਲ 'ਚ ਸੋਧ ਕੀਤੀ ਹੈ । ਇਸ ਮਾਮਲੇ ਨੂੰ ਉਜਾਗਰ ਕਰਨ ਲਈ ਸਿੱਖਾਂ ਨੇ ਪੁਲਸ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਮੰਤਰੀ ਵਿਕਟੋਰੀਆ ਐਟਕਿਨਜ਼ ਨੇ ਵੀ ਇਸ ਮੌਕੇ ਕਿਰਪਾਨ ਨੂੰ ਪਾਬੰਦ ਹਥਿਆਰਾਂ ਦੀ ਸੂਚੀ 'ਚੋਂ ਬਾਹਰ ਰੱਖਣ ਦੀ ਹਮਾਇਤ ਕੀਤੀ । ਹਥਿਆਰਾਂ ਸੰਬੰਧੀ ਇਸ ਬਿੱਲ 'ਤੇ ਕੱਲ ਮਹਾਰਾਣੀ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਮੁਕੰਮਲ ਆਜ਼ਾਦੀ ਹੈ।


Related News