ਅਮਰੀਕਾ ਵਿਚ ਸਿੱਖ ਊਬਰ ਡਰਾਈਵਰ ''ਤੇ ਨਸਲੀ ਹਮਲਾ

12/10/2019 2:19:20 PM

ਵਾਸ਼ਿੰਗਟਨ (ਆਈ.ਏ.ਐਨ.ਐਸ.)- ਅਮਰੀਕਾ ਵਿਚ ਇਕ ਸਿੱਖ ਊਬਰ ਡਰਾਈਵਰ 'ਤੇ ਇਕ ਯਾਤਰੀ ਵਲੋਂ ਨਸਲੀ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਘਟਨਾ ਦੌਰਾਨ ਯਾਤਰੀ ਨੇ ਸਿੱਖ ਡਰਾਈਵਰ 'ਤੇ ਹਮਲਾ ਵੀ ਬੋਲ ਦਿੱਲਾ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। 

'ਦ ਅਮੇਰਿਕਨ ਬਾਜ਼ਾਰ' ਨੇ ਬੈਲਿੰਗਹੇਮ ਹੇਰਲਡ ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ 5 ਦਸੰਬਰ ਨੂੰ ਵਾਸ਼ਿੰਗਟਨ ਦੇ ਤੱਟੀ ਸ਼ਹਿਰ ਬੇਲਿੰਗਹੈਮ ਵਿਚ ਵਾਪਰੀ, ਜਦੋਂ ਸਿੱਖ ਡਰਾਈਵਰ ਨੇ ਗ੍ਰਿਫਿਨ ਲੇਵੀ ਸੇਅਰ ਨਾਂ ਦੇ ਇਕ ਯਾਤਰੀ ਨੂੰ ਆਪਣੀ ਕੈਬ ਵਿਚ ਬਿਠਾਇਆ। ਉਸੇ ਦਿਨ ਬੇਲਿੰਗਹੇਮ ਪੁਲਸ ਨੂੰ ਸਿੱਖ ਡਰਾਈਵਰ ਦੀ ਕਾਲ ਆਈ ਕਿ ਉਸ 'ਤੇ ਇਕ ਯਾਤਰੀ ਨੇ ਹਮਲਾ ਕਰ ਦਿੱਤਾ ਹੈ। ਪੁਲਸ ਨੇ 22 ਸਾਲਾ ਸੇਅਰ ਨੂੰ ਹਮਲੇ ਦੇ ਸ਼ੱਕ 'ਤੇ ਗ੍ਰਿਫਤਾਰ ਕਰ ਲਿਆ ਸੀ।

ਪੁਲਸ ਰਿਕਾਰਡ ਅਨੁਸਾਰ ਉਸ ਨੂੰ ਅਗਲੇ ਦਿਨ 13,000 ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਡਰਾਈਵਰ ਨੇ ਪੁਲਸ ਨੂੰ ਦੱਸਿਆ ਕਿ ਸੇਅਰ ਕੁਝ ਸਮਾਨ ਖਰੀਦ ਕੇ ਉਸ ਨੂੰ ਫਿਰ ਪਿਕਅਪ ਪੁਆਇੰਟ 'ਤੇ ਲੈ ਕੇ ਗਿਆ, ਜਿਥੇ ਉਸ ਨੇ ਡਰਾਈਵਰ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਉਸ ਨੇ ਡਰਾਈਵਰ ਨੂੰ ਉਸ ਦੇ ਗਲੇ ਤੋਂ ਫੜ ਲਿਆ ਤੇ ਉਸ ਨਾਲ ਧੱਕਾ-ਮੁੱਕੀ ਕੀਤੀ। ਉਸ ਨੇ ਸਿੱਖ ਡਰਾਈਵਰ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ।

ਡਰਾਈਵਰ ਕਿਸੇ ਤਰ੍ਹਾਂ ਕੈਬ ਤੋਂ ਬਾਹਰ ਨਿਕਲਿਆ ਤੇ 911 'ਤੇ ਕਾਲ ਕੀਤੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਸੇਅਰ ਨੂੰ ਨੇੜੇ ਦੇ ਇਲਾਕੇ ਤੋਂ ਲੱਭ ਕੇ ਗ੍ਰਿਫਤਾਰ ਕਰ ਲਿਆ। ਦ ਅਮੈਰੀਕਨ ਬਾਜ਼ਾਰ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਨਫਰਤੀ ਅਪਰਾਧ ਨਾਗਰਿਕ ਅਧਿਕਾਰਾਂ ਤੇ ਘੱਟ ਗਿਣਤੀ ਸਮੂਹਾਂ ਲਈ ਹਮੇਸ਼ਾ ਰਾਡਾਰ 'ਤੇ ਰਹੇ ਹਨ।

ਪਿਛਲੇ ਮਹੀਨੇ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਵਿਚ ਸਿੱਖਾਂ ਨੂੰ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਭ ਤੋਂ ਵਧੇਰੇ ਟਾਰਗੇਟ ਕੀਤਾ ਜਾਂਦਾ ਹੈ। ਐਫ.ਬੀ.ਆਈ. ਦੀ ਇਕ ਰਿਪੋਰਟ ਅਨੁਸਾਰ ਸਿੱਖ ਵਿਰੋਧੀ ਅਪਰਾਧਾਂ ਵਿਚ 2017 ਤੋਂ ਹੁਣ ਤੱਕ 200 ਫੀਸਦ ਦਾ ਵਾਧਾ ਹੋਇਆ ਹੈ। ਸਿੱਖ ਸਮੂਹ ਤੇ ਘੱਟ ਗਿਣਤੀ ਸੰਗਠਨ ਅਮਰੀਕੀਆਂ ਨੂੰ ਸਿੱਖ ਧਰਮ ਤੇ ਇਸ ਦੇ ਸਿਧਾਂਤਾਂ ਬਾਰੇ ਜਾਗਰੂਕ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਪਰ ਕਈ ਵਾਰ ਸਿੱਖ ਉਹ ਗਲਤੀ ਨਾਲ ਟਾਰਗੇਟ ਬਣ ਜਾਂਦੇ ਹਨ।


Related News