ਐਗਜ਼ੈਕਟਿਵ ਦੀ ਚੋਣ ਲੜ ਰਹੇ ਇਜ਼ੀ ਪਾਟੋਕਾ ਦੇ ਹੱਕ ''ਚ ਵੱਡੀ ਗਿਣਤੀ ''ਚ ਇਕੱਠੇ ਹੋਏ ਸਿੱਖ-ਮੁਸਲਮਾਨ ਭਾਈਚਾਰੇ ਦੇ ਲੋਕ
Friday, Aug 22, 2025 - 01:26 AM (IST)

ਬਾਲਟੀਮੋਰ (ਰਾਜ ਗੋਗਨਾ) - ਅਮਰੀਕਾ ਦੀ ਬਾਲਟੀਮੋਰ ਕਾਉਂਟੀ ਐਗਜ਼ੈਕਟਿਵ ਲਈ ਚੋਣ ਲੜ ਰਹੇ ਇਜ਼ੀ ਪਾਟੋਕਾ ਦੇ ਹੱਕ ’ਚ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਨੇ ਇਕ ਵਿਸ਼ਾਲ ਇਕੱਠ ਕੀਤਾ। ਏਕਤਾ ਦੀ ਮਿਸਾਲ ਪੇਸ਼ ਕਰਦਿਆਂ, ਮੇਰੀਲੈਂਡ ਦੇ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਸ ਇਕੱਠ ’ਚ ਸ਼ਾਮਿਲ ਹੋਏ। ਇਸ ਇਕੱਠ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਨੇਤਾਵਾਂ, ਪਰਿਵਾਰਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਇਜ਼ੀ ਪਾਟੋਕਾ ਨੇ ਦੋਹਾਂ ਕਮਿਊਨਿਟੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇਕੱਠ ਮੇਰੀਲੈਂਡ ਦੀ ਤਾਕਤ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਵੱਖਰੇ ਧਰਮਾਂ ਅਤੇ ਰੰਗਾਂ ਦੇ ਲੋਕ ਜਦੋਂ ਇੱਕ ਅਜਿਹੇ ਮਕਸਦ ਲਈ ਇੱਕ ਮੰਚ ’ਤੇ ਆਉਂਦੇ ਹਨ, ਤਾਂ ਸਮਾਜ ਹੋਰ ਮਜ਼ਬੂਤ ਬਣਦਾ ਹੈ। ਹੋਰ ਬੁਲਾਰਿਆਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਇਕੱਠ ਕੋਈ ਸਿਆਸੀ ਹਮਾਇਤ ਨਹੀਂ ਸੀ, ਬਲਕਿ ਏਕਤਾ, ਭਾਈਚਾਰਾ ਅਤੇ ਸ਼ਾਂਤੀ ਦਾ ਇਕ ਸੁਨੇਹਾ ਸੀ। ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਸੰਬੋਧਨ ਕਰਦਿਆਂ ਆਪੋ ਆਪਣੇ ਭਾਈਚਾਰਿਆਂ ਦਾ ਵੱਡੀ ਗਿਣਤੀ ’ਚ ਇਕੱਠ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।