''ਦੇ ਕਾਲਡ ਮੀ ਓਸਾਮਾ'' ''ਚ ਝਲਕਿਆਂ ਨਸਲੀ ਹਿੰਸਾ ਦੇ ਸ਼ਿਕਾਰ ਸਿੱਖਾਂ ਦਾ ਦਰਦ (ਤਸਵੀਰਾਂ)

05/26/2016 12:01:14 PM

ਵਾਸ਼ਿੰਗਟਨ— ਵਿਦੇਸ਼ਾਂ ਵਿਚ ਗਏ ਸਿੱਖਾਂ ਨੂੰ ਕਦੇ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੀ ਦਿੱਖ ਕਾਰਨ ਉੱਥੋਂ ਦੇ ਲੋਕਾਂ ਦੀ ਨਫਰਤ ਅਤੇ ਟਿੱਪਣੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਅਮਰੀਕਾ ਵਿਚ 9/11 ਦੇ ਹਮਲੇ ਤੋਂ ਬਾਅਦ ਜਦੋਂ ਲੋਕਾਂ ਵਿਚ ਇਸਲਾਮੋਫੋਬੀਆ (ਮੁਸਲਿਮਾਂ ਪ੍ਰਤੀ ਡਰ) ਬੈਠ ਗਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨੇ ''ਤੇ ਲੈਣਾ ਸ਼ੁਰੂ ਕਰ ਦਿੱਤਾ। ਇਸੇ ਦਰਦ ਨੂੰ ਬਿਆਨ ਕਰਨ ਅਤੇ ਲੋਕਾਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨ ਲਈ ਅਮਰੀਕਾ ਦੇ ਸਿੱਖ ਨੌਜਵਾਨ ਨੇ ਅਨੋਖਾ ਕਦਮ ਚੁੱਕਿਆ ਹੈ ਅਤੇ ਇਕ ਅਮਰੀਕਾ ਦੀਆਂ ਗਲੀਆਂ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਕ ਡਾਕੂਮੈਂਟਰੀ ਬਣਾਈ, ਜਿਸ ਦਾ ਨਾਂ ਹੈ ''ਦੇ ਕਾਲਡ ਮੀ ਓਸਾਮਾ''। 
ਸਿੱਖ ਫਿਲਮਕਾਰ 22 ਸਾਲਾ ਮਨਮੀਤਪਾਲ ਸਿੰਘ ਨੇ ਲੋਕਾਂ ਦੇ ਸਿੱਖਾਂ ਬਾਰੇ ਲੋਕਾਂ ਦੇ ਵਿਚਾਰ ਬਦਲਣ ਲਈ ਯੂਟਿਊਬਰ ਜਗਰਾਜ ਸਿੰਘ ਨੂੰ ਆਪਣੇ ਨਾਲ ਲਿਆ ਅਤੇ ਨਿਊਯਾਰਕ ਦੀਆਂ ਸੜਕਾਂ ''ਤੇ ਚਲੇ ਗਏ। ਇੱਥੇ ਉਨ੍ਹਾਂ ਨੇ ਲੋਕਾਂ ਤੋਂ ਸਿੱਖ ਧਰਮ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਸਿੱਖ ਧਰਮ, ਮੁਸਲਿਮ ਧਰਮ ਤੋਂ ਵੱਖ ਹੈ। ਇੰਨਾਂ ਹੀ ਨਹੀਂ ਉਨ੍ਹਾਂ ਦੱਸਿਆ ਕਿ ਦਿੱਖ ਦੇ ਆਧਾਰ ''ਤੇ ਕਿਸੇ ਬਾਰੇ ਵੀ ਕੋਈ ਫੈਸਲਾ ਕਰ ਲੈਣਾ ਗਲਤ ਹੈ। 
ਮਨਮੀਤਪਾਲ ਦੀ ਇਸ ਡਾਕੂਮੈਂਟਰੀ ਵਿਚ ਅਮਰੀਕਾ ਵਿਚ ਨਸਲੀ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਕਹਾਣੀਆਂ ਵੀ ਦੱਸੀਆਂ ਗਈਆਂ ਤਾਂ ਜੋ ਉਹ ਉਨ੍ਹਾਂ ਲੋਕਾਂ ਦਾ ਦਰਦ ਸਮਝ ਸਕਣ, ਜੋ ਇਸ ਤਰ੍ਹਾਂ ਦੀ ਗਲਤਫਹਿਮੀ ਕਾਰਨ ਜਾਨਲੇਵਾ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। ਮਨਮੀਤਪਾਲ ਅਤੇ ਜਗਰਾਜ ਦਾ ਇਹ ਉਪਰਾਲਾ ਸੱਚਮੁੱਚ ਬਹੁਤ ਵਧੀਆ ਹੈ ਅਤੇ ਨਸਲੀ ਹਿੰਸਾ ਖਿਲਾਫ ਇਕ ਕਾਰਗਰ ਕਦਮ ਸਾਬਤ ਹੋ ਸਕਦਾ ਹੈ।

Kulvinder Mahi

News Editor

Related News