ਸੰਗਤ ਨੂੰ ਦਸ਼ਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਗੁ. ਸਿੰਘ ਸਭਾ ਨੋਵੇਲਾਰਾ ਪੁੱਜੇ ਭਾਈ ਜਸਵੀਰ ਸਿੰਘ

Wednesday, Dec 25, 2024 - 11:12 PM (IST)

ਸੰਗਤ ਨੂੰ ਦਸ਼ਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਗੁ. ਸਿੰਘ ਸਭਾ ਨੋਵੇਲਾਰਾ ਪੁੱਜੇ ਭਾਈ ਜਸਵੀਰ ਸਿੰਘ

ਨੋਵੇਲਾਰਾ, (ਕੈਂਥ)- ਸਿੱਖ ਇਤਿਹਾਸ ਵਿੱਚ ਗੁਰੂ ਘਰ ਦੇ ਪ੍ਰੇਮ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ ਪਰ ਮਾਈ ਦੇਸਾਂ ਦੇ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਥਾਹ ਪ੍ਰੇਮ ਦੀ ਇਕ ਵਿਲੱਖਣ ਗਾਥਾ ਵੀ ਸਿੱਖ ਇਤਿਹਾਸ ਵਿੱਚ ਦਰਜ ਹੈ। 

ਇੱਕ ਅਜਿਹਾ ਪਰਿਵਾਰ ਜੋ ਸਦੀਆਂ ਤੋਂ ਗੁਰੂ ਘਰ ਨਾਲ ਮੋਹ ਰੱਖਦਾ ਹੈ ਅਤੇ 1706 ਈਸਵੀ ਤੋਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਨਿਸ਼ਾਨੀਆਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰੀਆਂ ਸਮਝ ਕੇ ਉਨ੍ਹਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਪਵਿੱਤਰ ਨਿਸ਼ਾਨੀਆਂ ਨੂੰ ਯੂਰਪ ਦੀ ਸੰਗਤਾਂ ਦੀ ਮੰਗ 'ਤੇ ਦਰਸ਼ਨ ਕਰਵਾਉਣ ਲਈ ਭਾਈ ਜਸਵੀਰ ਸਿੰਘ ਅੰਸ ਬੰਸ ਮਾਤਾ ਦੇਸਾਂ ਜੀ ਇਨ੍ਹੀ ਦਿਨੀਂ ਯੂਰਪ ਦੀ ਫੇਰੀ 'ਤੇ ਹਨ। 

PunjabKesari

ਜਰਮਨੀ ਅਤੇ ਅਸਟਰੀਆ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਇਸ ਵੇਲੇ ਭਾਈ ਸਾਹਿਬ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਸੰਗਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹਨ ਅਤੇ ਗੁਰੂ ਨਾਨਕ ਦੇ ਘਰ ਨਾਲ ਜੁੜਨ ਦਾ ਹੋਕਾ ਦੇ ਰਹੇ ਹਨ। ਬੀਤੇ ਦਿਨੀਂ ਭਾਈ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਰੇਜੋ ਇਮਿਲੀਆਂ ਵਿਖੇ ਪਹੁੰਚੇ ਜਿੱਥੇ ਪਹਿਲਾਂ ਤੋਂ ਹੀ ਸੰਗਤਾਂ ਬੜੇ ਉਤਸ਼ਾਹ ਨਾਲ ਉਨ੍ਹਾਂ ਦੇ ਇੰਤਜ਼ਾਰ ਵਿੱਚ ਸਨ। 

ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਨੂੰ ਇੱਕ ਤਖ਼ਤ 'ਤੇ ਸਜਾਇਆ ਗਿਆ ਜਿੱਥੇ ਕਿ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੀਆਂ ਸਨ ਅਤੇ ਆਪਣੇ ਆਪ ਨੂੰ ਵਡਭਾਗਾ ਜਾਣ ਰਹੀਆਂ ਸਨ। ਇਨ੍ਹਾਂ ਪਵਿੱਤਰ ਨਿਸ਼ਾਨੀਆਂ ਵਿੱਚ ਗੁਰੂ ਸਾਹਿਬ ਜੀ ਦੀ ਸੁੰਦਰ ਦਸਤਾਰ, ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਚਾਦਰ, ਮਾਤਾ ਸੁੰਦਰ ਕੌਰ ਜੀ ਵੱਲੋਂ ਬਖਸ਼ਿਸ਼ ਖੜਾਵਾਂ ਅਤੇ ਮਾਤਾ ਸਾਹਿਬ ਕੌਰ ਜੀ ਵੱਲੋਂ ਬਖਸ਼ਿਸ਼ ਜੋੜਾ ਸਾਹਿਬ ਸਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਨਿਸ਼ਾਨੀਆਂ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਵਿਖੇ ਸੁਸ਼ੋਭਿਤ ਹਨ। ਜਿਨ੍ਹਾਂ ਨੂੰ ਲੈ ਕੇ ਆਉਣਾ ਸੰਭਵ ਨਹੀਂ ਸੀ। 

PunjabKesari

ਇਸ ਵੇਲੇ ਦਾ ਮਾਹੌਲ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਸੀ ਜਦੋਂ ਸੰਗਤਾਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਧੰਨ ਹੋ ਰਹੀਆਂ ਸਨ ਅਤੇ ਦੀਵਾਨ ਵਿੱਚ ਸੱਜ ਰਹੀਆਂ ਸਨ। ਉਪਰੰਤ ਭਾਈ ਜਸਵੀਰ ਸਿੰਘ ਜੀ ਨੇ ਮਾਈ ਦੇਸਾਂ ਜੀ ਦੇ ਪਰਿਵਾਰ ਦੀ ਆਰੰਭਤਾ ਤੋਂ ਗੁਰੂ ਘਰ ਨਾਲ ਨੇੜਤਾ ਦੇ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੀ ਵਿਸਥਾਰ ਸਹਿਤ ਸਾਖੀ ਸੁਣਾਈ। ਪਰਿਵਾਰ ਦੇ ਇਤਿਹਾਸ ਤੋਂ ਬਾਅਦ ਭਾਈ ਸਾਹਿਬ ਨੇ ਜੁੜੀਆਂ ਹੋਈਆਂ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਦੱਸੇ ਮਾਰਗ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਦਾ ਹੋਕਾ ਵੀ ਦਿੱਤਾ। 

ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਵੱਲੋਂ ਵਾਹਿਗੁਰੂ ਨੂੰ ਮਿਲਣ ਦੀ ਵਿਧੀ ਵੀ ਸੰਗਤਾਂ ਨਾਲ ਸਾਂਝੀ ਕੀਤੀ ਤਾਂ ਜੋ ਮਨੁੱਖ ਦੇ ਅੰਦਰ ਸੁਭਾਏਮਾਨ ਉਸ ਪਰਮ ਪਿਤਾ ਦੀ ਜੋਤ ਨੂੰ ਜਾਗਰਿਤ ਕੀਤਾ ਜਾਵੇ ਅਤੇ ਬਾਰ ਬਾਰ ਇਸ ਮਨੁੱਖਾ ਜੀਵਨ ਵਿੱਚ ਨਾ ਆਉਣਾ ਪਵੇ। ਇਸ ਵੇਲੇ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲ੍ਹਾ ਬਠਿੰਡਾ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਟਲੀ ਵੱਲੋਂ ਗੁਰੂ ਸਾਹਿਬ ਦੀਆਂ ਬਖਸ਼ਿਸ਼ ਨਿਸ਼ਾਨੀਆਂ ਲਈ ਇੱਕ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਅਤੇ ਕੁਝ ਦਿਨ ਉੱਥੇ ਰਹਿਣਾ ਚਾਹੁੰਦੀਆਂ ਹਨ। ਉਨ੍ਹਾਂ ਲਈ ਆਉਣ ਵਾਲੇ ਭਵਿੱਖ ਵਿੱਚ ਇੱਕ ਸਰਾਂ ਅਤੇ ਇੱਕ ਲੰਗਰ ਹਾਲ ਵੀ ਤਿਆਰ ਕੀਤਾ ਜਾਵੇਗਾ। 

PunjabKesari

ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਜੋ ਵੀ ਸੰਗਤਾਂ ਛੁੱਟੀਆਂ ਕੱਟਣ ਪੰਜਾਬ ਦੀ ਧਰਤੀ 'ਤੇ ਜਾਂਦੀਆਂ ਹਨ ਜਰੂਰ ਹੀ ਗੁਰੂ ਸਾਹਿਬ ਦੀਆਂ ਦਿੱਤੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਉਣ। ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਇਹ ਨਿਸ਼ਾਨੀਆਂ ਤਕਰੀਬਨ ਤਿੰਨ ਘੰਟੇ ਲਈ ਰੱਖੀਆਂ ਗਈਆਂ ਸਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਤੇ ਉਨ੍ਹਾਂ ਦੇ ਨਾਲ ਆਏ ਸੇਵਾਦਾਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। 

ਇਸ ਮੌਕੇ ਭਾਈ ਜਸਵੀਰ ਸਿੰਘ ਵੱਲੋਂ ਪ੍ਰੈੱਸ ਦਾ ਧੰਨਵਾਦ ਕਰਦਿਆਂ ਜਗਦੀਪ ਸਿੰਘ ਮੱਲ੍ਹੀ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਉਪਰੰਤ ਭਾਈ ਜਸਵੀਰ ਸਿੰਘ ਜੀ ਨੇ ਸੰਗਤਾਂ ਨਾਲ ਗੱਲਬਾਤ ਕੀਤੀ ਅਤੇ ਸਭ ਦਾ ਧੰਨਵਾਦ ਕਰਦੇ ਹੋਏ ਅਰਦਾਸ ਕਰਕੇ ਅਗਲੇ ਪੜਾਅ ਵੱਲ ਚਾਲੇ ਪਾ ਦਿੱਤੇ।


author

Rakesh

Content Editor

Related News