ਦੁਨੀਆ ਦੀ ਸਭ ਤੋਂ ਠੰਡੀ ਜਗ੍ਹਾ 'ਤੇ ਭਿਆਨਕ ਅੱਗ, ਵਿਗਿਆਨੀ ਪਰੇਸ਼ਾਨ

06/25/2020 5:38:43 PM

ਨੋਵੋਸੀਬਿਰਸਕ (ਬਿਊਰੋ): ਧਰਤੀ ਦੀ ਉਹ ਜਗ੍ਹਾ ਜਿੱਥੇ ਤਾਪਮਾਨ ਮਾਈਨਸ 68 ਡਿਗਰੀ ਸੈਲਸੀਅਸ ਤੱਕ ਜਾਣ ਦਾ ਰਿਕਾਰਡ ਹੈ, ਅੱਜ ਉਹ ਜਗ੍ਹਾ ਅੱਗ ਦੀਆਂ ਲਪਟਾਂ ਨਾਲ ਘਿਰੀ ਹੋਈ ਹੈ। ਇੱਥੇ ਤਾਪਮਾਨ ਇੰਨਾ ਵਧਿਆ ਹੋਇਆ ਹੈ ਕਿ ਜਿੰਨਾ ਅੱਜ ਤੱਕ ਕਦੇ ਨਹੀਂ ਹੋਇਆ ਸੀ। ਇਸ ਜਗ੍ਹਾ 'ਤੇ ਚਾਰੇ ਪਾਸੇ ਬਰਫ, ਠੰਡੇ ਸਮੁੰਦਰ ਦੀਆਂ ਲਹਿਰਾਂ ਹਨ ਪਰ ਇਸ ਦੀ ਜ਼ਮੀਨ 'ਤੇ ਵਸੇ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ। ਧੂੰਏਂ ਦੇ ਬੱਦਲ ਕਈ ਕਿਲੋਮੀਟਰ ਤੱਕ ਆਸਮਾਨ ਵਿਚ ਫੈਲੇ ਹੋਏ ਹਨ। ਇਸ ਵਾਤਾਵਰਣੀ ਤਬਦੀਲੀ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਵਿਗਿਆਨੀ ਪਰੇਸ਼ਾਨ ਹਨ।

PunjabKesari

ਇਹ ਜਗ੍ਹਾ ਸਾਈਬੇਰੀਆ ਦੇ ਪੂਰਬੀ ਇਲਾਕੇ ਵਿਚ ਸਥਿਤ ਹੈ ਮਤਲਬ ਰੂਸ ਦਾ ਵਰਖੋਯਾਨਸਕ ਕਸਬਾ। ਇੱਥੇ 20 ਜੂਨ ਨੂੰ ਇਤਿਹਾਸ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਜਦੋਂ ਪਾਰਾ 38 ਡਿਗਰੀ ਸੈਲਸੀਅਸ ਸੀ। ਜਦਕਿ ਇਹ ਉਹ ਜਗ੍ਹਾ ਹੈ ਜਿੱਥੇ ਸਭ ਤੋਂ ਜ਼ਿਆਦਾ ਠੰਡ ਪੈਂਦੀ ਹੈ।ਪਾਰਾ ਮਾਈਨਸ 67 ਤੱਕ ਚਲਾ ਜਾਂਦਾ ਹੈ। ਇਸ ਨਕਸ਼ੇ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਆਰਕਟਕਿ ਖੇਤਰ ਵਿਚ ਸਾਈਬੇਰੀਆ ਸਮੇਤ ਹੋਰ ਇਲਾਕਿਆਂ ਦੀ ਜ਼ਮੀਨ ਗਰਮ ਹੁੰਦੀ ਜਾ ਰਹੀ ਹੈ।

PunjabKesari

ਇਸ ਤੋਂ ਪਹਿਲਾ ਇਸ ਜਗ੍ਹਾ ਦਾ ਤਾਪਾਮਾਨ 37.3 ਡਿਗਰੀ ਸੈਲਸੀਅਸ 1988 ਵਿਚ ਹੋਇਆ ਸੀ। ਨਾਸਾ ਗੋਡਾਰਡ ਇੰਸਟੀਚਿਊਟ ਫੌਰ ਸਪੇਸ ਸਟੱਡੀਜ਼ ਦੇ ਨਿਦੇਸ਼ਕ ਗੈਵਿਨ ਸਮਿਟ ਨੇ ਦੱਸਿਆ ਕਿ ਆਰਕਟਿਕ ਦੇ ਇਸ ਖੇਤਰ ਵਿਚ ਤਾਪਮਾਨ ਦਾ ਇੰਨਾ ਵੱਧ ਜਾਣਾ ਠੀਕ ਨਹੀਂ। ਗੈਵਿਨ ਸਮਿਟ ਨੇ ਦੱਸਿਆ ਕਿ ਪਿਛਲੇ 100 ਸਾਲਾਂ ਦੇ ਅੰਕੜੇ ਦੇਖੀਏ ਤਾਂ ਇਸ ਇਲਾਕੇ ਵਿਚ ਤਾਪਮਾਨ ਵਿਚ ਔਸਤ ਵਾਧਾ 3 ਡਿਗਰੀ ਸੈਲਸੀਅਸ ਸੀ ਪਰ ਲੱਗਦਾ ਹੈ ਕਿ ਇਸ ਸਦੀ ਵਿਚ ਇਹ ਰਿਕਾਰਡ ਟੁੱਟ ਜਾਵੇਗਾ। ਉਕਤ ਦਿਖਾਏ ਗਏ ਨਕਸ਼ੇ ਵਿਚ ਜ਼ਮੀਨ ਦਾ ਤਾਪਮਾਨ ਦਿਖਾਇਆ ਗਿਆ ਹੈ, ਜਿਸ ਵਿਚ ਜ਼ਿਆਦਾ ਲਾਲ ਰੰਗ ਮਤਲਬ ਜ਼ਿਆਦਾ ਗਰਮੀ।

PunjabKesari

ਵਰਖੋਯਾਨਸਕ ਦੇ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ। ਇਹ ਅੱਗ 10.3 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਇਲਾਕੇ ਵਿਚ ਲੱਗੀ ਹੋਈ ਹੈ। ਇਸ ਇਲਾਕੇ ਵਿਚ ਪਾਏ ਜਾਣ ਵਾਲੇ ਲਾਰਚ ਨਾਮ ਦੇ ਰੁੱਖ ਸਭ ਤੋਂ ਵੱਧ ਸੜ ਰਹੇ ਹਨ। ਕਰੀਬ 1768 ਕਿਊਬਿਕ ਮੀਟਰ ਲਾਰਚ ਸੜ ਚੁੱਕੇ ਹਨ। ਜੰਗਲਾਂ ਵਿਚ ਲੱਗੀ ਅੱਗ ਕਾਰਨ ਸਾਈਬੇਰੀਆਈ ਇਲਾਕਿਆਂ ਦੇ ਆਸਮਾਨ ਵਿਚ ਗਾੜੇ ਰੰਗ ਦਾ ਧੂੰਆਂ ਫੈਲਿਆ ਹੋਇਆ ਹੈ, ਜੋ ਸਪੇਸ ਤੋਂ ਵੀ ਦਿਖਾਈ ਦੇ ਰਿਹਾ ਹੈ। ਇਸ ਨੂੰ ਯੂਰਪੀਅਨ ਸਪੇਸ ਏਜੰਸੀ, ਅਮਰੀਕੀ ਸੇਪਸ ਏਜੰਸੀ ਨਾਸਾ ਸਮੇਤ ਰੂਸ ਦੇ ਮੌਸਮ ਵਿਭਾਗ ਨੇ ਵੀ ਰਿਕਾਰਡ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : WHO ਦੇ ਅੰਕੜਿਆਂ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ

ਵਰਲਡ ਮੇਟੇਰਿਓਲੌਜੀਕਲ ਸੰਸਥਾ ਨੇ ਕਿਹਾ ਹੈ ਕਿ ਅਸੀਂ ਸਾਈਬੇਰੀਆ ਦੇ ਇਲਾਕੇ ਵਿਚ ਵਧੇ ਹੋਏ ਤਾਪਮਾਨ ਨੂੰ ਰਿਕਾਰਡ ਕੀਤਾ ਹੈ। ਇਹ ਬਹੁਤ ਭਿਆਨਕ ਹੈ। ਆਰਕਟਿਕ ਖੇਤਰ ਵਿਚ ਇੰਨਾ ਜ਼ਿਆਦਾ ਤਾਪਮਾਨ ਪਿਛਲੇ ਕਈ ਦਹਾਕਿਆਂ ਵਿਚ ਨਹੀਂ ਗਿਆ। ਇਹ ਗਲੋਬਲ ਵਾਰਮਿੰਗ ਅਤੇ ਧਰਤੀ ਦੇ ਅੰਦਰ ਬਲ ਰਹੀ ਅੱਗ ਦਾ ਨਤੀਜਾ ਹੈ। ਇਸ ਅੱਗ, ਗਰਮੀ ਅਤੇ ਹੀਟਵੇਵ ਕਾਰਨ ਆਰਕਟਿਕ ਸਰਕਿਲ ਦੇ ਕਈ ਇਲਾਕਿਆਂ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ ਹੈ। ਇੰਨਾ ਹੀ ਨਹੀਂ ਵਾਤਾਵਰਣ ਵਿਚ ਹੋਰ ਗ੍ਰੀਨ ਹਾਊਸ ਗੈਸਾਂ ਵਿਚ ਵੀ ਵਾਧਾ ਹੋਇਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਈਬੇਰੀਆ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਆਪਣੇ ਭਿਆਨਕ ਤਾਪਮਾਨ ਲਈ ਦਰਜ ਹੈ। ਇੱਥੇ ਘੱਟੋ-ਘੱਟ ਤਾਪਮਾਨ ਮਾਈਨਸ 68 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ।


Vandana

Content Editor

Related News