ਸ਼ੇਖ ਹਸੀਨਾ ਦੇ ਮੰਤਰੀ ਰਹੇ ਸੈਫੂਜ਼ਮਾਨ ਚੌਧਰੀ ਦੀਆਂ ਵਿਦੇਸ਼ਾਂ ’ਚ 482 ਜਾਇਦਾਦਾਂ, ਯੂਨਸ ਸਰਕਾਰ ਨੇ ਸ਼ੁਰੂ ਕੀਤੀ ਜਾਂਚ
Tuesday, Mar 04, 2025 - 04:21 PM (IST)

ਜਲੰਧਰ (ਏਜੰਸੀ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ’ਚ ਮੰਤਰੀ ਰਹੇ ਸੈਫੂਜ਼ਮਾਨ ਚੌਧਰੀ ’ਤੇ ਅਰਬਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਕ ਰਿਪੋਰਟ ਅਨੁਸਾਰ 1992 ਤੋਂ 2024 ਵਿਚਾਲੇ ਚੌਧਰੀ ਤੇ ਉਸ ਦੇ ਪਰਿਵਾਰ ਨੇ 295 ਮਿਲੀਅਨ ਡਾਲਰ ਦੀਆਂ 482 ਜਾਇਦਾਦਾਂ ਦੁਨੀਆ ਦੇ ਵੱਡੇ ਸ਼ਹਿਰਾਂ ’ਚ ਖਰੀਦੀਆਂ।
ਚੌਧਰੀ ਦੀਆਂ ਜਾਇਦਾਦਾਂ ਦੁਬਈ ਦੇ ਬੁਰਜ ਖਲੀਫਾ ਤੋਂ ਲੈ ਕੇ ਲੰਡਨ ਤੱਕ ਹਨ। ਚੌਧਰੀ ਦੀਆਂ ਬ੍ਰਿਟੇਨ ’ਚ ਸਭ ਤੋਂ ਵੱਧ 315 ਜਾਇਦਾਦਾਂ ਹਨ। ਇਸ ਤੋਂ ਬਾਅਦ ਦੁਬਈ ’ਚ 142 ਅਤੇ ਅਮਰੀਕਾ ਵਿਚ 25 ਜਾਇਦਾਦਾਂ ਹਨ। ਇਨ੍ਹਾਂ ਜਾਇਦਾਦਾਂ ਨੇ ਚੌਧਰੀ ਨੂੰ ਯੂਨਸ ਸਰਕਾਰ ਦੇ ਨਿਸ਼ਾਨੇ ’ਤੇ ਲਿਆ ਦਿੱਤਾ ਹੈ। ਬੰਗਲਾਦੇਸ਼ ਦੀ ਮੁਹੰਮਦ ਯੂਨਸ ਸਰਕਾਰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 2023 ’ਚ ਉਨ੍ਹਾਂ ਨੇ ਬੰਗਲਾਦੇਸ਼ ਦੀ ਸੰਸਦ ’ਚ 2.3 ਮਿਲੀਅਨ ਡਾਲਰ ਦੀ ਜਾਇਦਾਦ ਐਲਾਨੀ ਸੀ।