ਅਫ਼ਗਾਨਿਸਤਾਨ ’ਚ ਅਫ਼ੀਮ ਦੀ ਖੇਤੀ ਵਿਚ ਭਾਰੀ ਵਾਧਾ : ਸੰਯੁਕਤ ਰਾਸ਼ਟਰ
Friday, Oct 30, 2026 - 02:41 PM (IST)
ਕਾਬੁਲ (ਏਜੰਸੀ)- ਸੰਯੁਕਤ ਰਾਸ਼ਟਰ ਦੇ ਨਸ਼ੀਲੇ ਪਦਾਰਥਾਂ ਅਤੇ ਅਪਰਾਧ ਦਫ਼ਤਰ (ਯੂ. ਐੱਨ. ਓ. ਡੀ. ਸੀ.) ਨੇ ਵੀਰਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਵਿਚ ਪਿਛਲੇ ਇਕ ਸਾਲ ਦੌਰਾਨ ਅਫ਼ੀਮ ਦੀ ਖੇਤੀ ਅਤੇ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਹੈ। ਯੂ. ਐੱਨ. ਓ. ਡੀ. ਸੀ. ਦੇ ਅਨੁਸਾਰ, 2022 ਵਿਚ ਤਾਲਿਬਾਨ ਸ਼ਾਸਨ ਵੱਲੋਂ ਨਸ਼ੀਲੇ ਪਦਾਰਥਾਂ ’ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਇਹ ਪਹਿਲਾ ਵੱਡਾ ਵਾਧਾ ਹੈ।
ਏਜੰਸੀ ਨੇ ਅਫ਼ੀਮ ਦੀ ਖੇਤੀ ਵਿਚ ਵਾਧੇ ਲਈ ਗ਼ਰੀਬੀ ਦੇ ਡੂੰਘੇ ਹੁੰਦੇ ਸੰਕਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਕਿਹਾ ਕਿ ਇਸ ਦੇ ਕਾਰਨ ਕੁਝ ਕਿਸਾਨ ਗੁਪਤ ਤੌਰ ’ਤੇ ਅਫ਼ੀਮ ਦੀ ਖੇਤੀ ਕਰਨ ਲਈ ਮਜਬੂਰ ਹੋਏ ਹਨ। ਏਜੰਸੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਿਸਾਨਾਂ ਨੂੰ ਵੱਧ ਸਹਾਇਤਾ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਪਾਬੰਦੀਸ਼ੁਦਾ ਫ਼ਸਲਾਂ ’ਤੇ ਉਨ੍ਹਾਂ ਦੀ ਨਿਰਭਰਤਾ ਘਟਾਉਣ ਵਿਚ ਮਦਦ ਮਿਲ ਸਕੇ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਦੇ ਸਮੇਂ ਅਫ਼ਗਾਨਿਸਤਾਨ ਦੁਨੀਆ ਵਿਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਯੂਰਪ ਤੇ ਏਸ਼ੀਆ ਵਿਚ ਹੈਰੋਇਨ ਦਾ ਮੁੱਖ ਸਰੋਤ ਸੀ।
