ਬਲੋਚਿਸਤਾਨ ’ਚ ਖਾਨ ਵਿਚ ਕੰਮ ਕਰਨ ਵਾਲੇ 18 ਮਜ਼ਦੂਰ ਅਗਵਾ
Monday, Oct 19, 2026 - 05:08 PM (IST)
ਕਰਾਚੀ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਐਤਵਾਰ ਨੂੰ ਸੰਗਮਰਮਰ ਦੀ ਖਾਨ ’ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਕੇ ਘੱਟੋ-ਘੱਟ 18 ਮਜ਼ਦੂਰਾਂ ਨੂੰ ਅਗਵਾ ਕਰ ਲਿਆ, ਜਦਕਿ ਇਕ ਹੋਰ ਮਜ਼ਦੂਰ ਜ਼ਖਮੀ ਹੋ ਗਿਆ। ਇਹ ਘਟਨਾ ਖੁਜ਼ਦਾਰ ਜ਼ਿਲੇ ਦੇ ਦੂਰ-ਦੁਰਾਡੇ ਦੇ ਨਾਲ਼ ਇਲਾਕੇ ’ਚ ਤੜਕੇ ਉਸ ਸਮੇਂ ਵਾਪਰੀ ਜਦੋਂ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹਥਿਆਰਬੰਦ ਹਮਲਾਵਰ ਖਾਨ ਵਾਲੀ ਥਾਂ ’ਤੇ ਪਹੁੰਚ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਬਾਗੀ ਸੰਗਠਨ ਜਾਂ ਵਿਅਕਤੀ ਨੇ ਨਹੀਂ ਲਈ ਹੈ।
ਪੁਲਸ ਅਤੇ ਸੂਬਾਈ ਸਰਕਾਰ ਨੇ ਅਜੇ ਤੱਕ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ, ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਪੁਲਸ ਦੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ 18 ਮਜ਼ਦੂਰਾਂ ਨੂੰ ਆਪਣੇ ਨਾਲ ਲੈ ਗਏ। ਇਕ ਪੁਲਸ ਅਧਿਕਾਰੀ ਨੇ ਕਿਹਾ, ‘‘ਮੋਟਰਸਾਈਕਲਾਂ ਅਤੇ ਵਾਹਨਾਂ ’ਤੇ ਆਏ ਲੋਕਾਂ ਨੇ ਗੋਲੀਬਾਰੀ ਕੀਤੀ ਅਤੇ ਫਿਰ ਮੌਕੇ ’ਤੇ ਮੌਜੂਦ ਮਜ਼ਦੂਰਾਂ ਨੂੰ ਇਕ ਜਗ੍ਹਾ ਇਕੱਠਾ ਕੀਤਾ ਤੇ ਉਨ੍ਹਾਂ ’ਚੋਂ 18 ਨੂੰ ਅਗਵਾ ਕਰ ਕੇ ਫਰਾਰ ਹੋ ਗਏ।’’
