ਡੋਅ ਜੋਨਜ਼ ਸਮੇਤ ਦੁਨੀਆ ਦੀਆਂ ਸ਼ੇਅਰ ਮਾਰਕਿਟਾਂ ਲੜਖੜਾਈਆਂ

Wednesday, Feb 07, 2018 - 05:42 AM (IST)

ਡੋਅ ਜੋਨਜ਼ ਸਮੇਤ ਦੁਨੀਆ ਦੀਆਂ ਸ਼ੇਅਰ ਮਾਰਕਿਟਾਂ ਲੜਖੜਾਈਆਂ

ਟੋਰਾਂਟੋ - ਸੋਮਵਾਰ ਦੇ ਟਰੇਡਿੰਗ ਸੈਸ਼ਨ ਦੌਰਾਨ ਡੋਅ ਜੋਨਜ਼ 1600 ਅੰਕਾਂ ਨਾਲ ਡਿੱਗ ਗਿਆ। ਇਸ ਨਾਲ ਅਰਸੇ ਤੱਕ ਮਾਰਕਿਟ 'ਚ ਬਣੀ ਹੋਈ ਸ਼ਾਂਤੀ ਭੰਗ ਹੋ ਗਈ।
ਨਿਊਯਾਰਕ 'ਚ ਡੋਅ 24,345.75 ਅੰਕ ਤੋਂ 1,175.21 ਅੰਕ ਹੇਠਾਂ ਜਾ ਡਿੱਗਿਆ। ਇਸ ਨਾਲ ਸਾਲ ਭਰ ਦਾ ਮੁਨਾਫਾ ਵੀ ਖੂਹ ਖਾਤੇ ਜਾ ਪਿਆ। ਐੱਸ.ਐਂਡ. ਪੀ. 500 ਸੂਚਕਾਂਕ 2,648.94 ਅੰਕਾਂ ਤੋਂ 113.19 ਅੰਕ ਹੇਠਾਂ ਆ ਡਿੱਗਿਆ। ਡੋਅ ਨੂੰ ਇਹ ਸੱਭ ਨਾਲੋਂ ਵੱਡਾ ਘਾਟਾ ਹੋਇਆ ਹੈ। ਜੇ ਗੱਲ ਫੀਸਦੀ 'ਚ ਕੀਤੀ ਜਾਵੇ ਤਾਂ 5.6 ਫੀਸਦੀ ਘਾਟਾ ਓਨਾ ਜ਼ਿਆਦਾ ਵੀ ਨਹੀਂ ਹੈ ਜਿੰਨਾ ਵਿੱਤੀ ਸੰਕਟ ਦੌਰਾਨ ਪਿਆ ਸੀ।
ਮਾਰਕਿਟ 'ਚ ਇਹ ਗਿਰਾਵਟ ਸ਼ੁੱਕਰਵਾਰ ਨੂੰ ਉਦੋਂ ਸ਼ੁਰੂ ਹੋਈ ਜਦੋਂ ਨਿਵੇਸ਼ਕਾਂ ਨੂੰ ਲੱਗਿਆ ਕਿ ਉੱਚ ਮਹਿੰਗਾਈ ਦਰ ਕਾਰਨ ਯੂ. ਐੱਸ. ਫੈਡਰਲ ਰਿਜ਼ਰਵ ਤੇਜ਼ੀ ਨਾਲ ਵਿਆਜ਼ ਦਰਾਂ 'ਚ ਵਾਧਾ ਕਰੇਗੀ। ਜਿਸ ਨਾਲ ਆਰਥਿਕ ਵਿਕਾਸ ਮੰਦਾ ਪੈ ਜਾਵੇਗਾ ਅਤੇ ਲੋਕਾਂ ਲਈ ਅਤੇ ਕਾਰੋਬਾਰੀਆਂ ਲਈ ਮਹਿੰਗਾਈ ਹੋਰ ਵੱਧ ਜਾਵੇਗੀ। ਦੂਜੇ ਪਾਸੇ ਸਰਹੱਦ ਦੇ ਉੱਤਰ ਵੱਲ ਕੈਨੇਡਾ ਦੀ ਸੱਭ ਤੋਂ ਵੱਡੀ ਸਟਾਕ ਮਾਰਕਿਟ 'ਚ ਵੀ ਸੋਮਵਾਰ ਨੂੰ ਗਿਰਾਵਟ ਵੇਖਣ ਨੂੰ ਮਿਲੀ।
ਟੋਰਾਂਟੋ ਸਟਾਕ ਐਕਸਚੇਂਜ ਉੱਤੇ ਐਸਐਂਡਪੀ/ਟੀਐਸਐਕਸ ਦਾ ਸਾਂਝਾ ਸੂਚਕਾਂਕ 15,334.81 ਤੋਂ 271.22 ਅੰਕ ਹੇਠਾਂ ਆ ਡਿੱਗਿਆ। ਯੂਰਪ 'ਚ ਵੀ ਸੋਮਵਾਰ ਨੂੰ ਸਟਾਕ ਹੇਠਾਂ ਡਿੱਗੇ। ਬ੍ਰਿਟੇਨ ਦੇ ਐੱਫ. ਟੀ. ਐੱਸ. ਈ. ਨੂੰ 1.5 ਫੀਸਦੀ ਘਾਟਾ ਪਿਆ ਜਦਕਿ ਫਰਾਂਸ ਦੇ ਸੀ. ਏ. ਸੀ. ਨੂੰ ਵੀ 1.5 ਫੀਸਦੀ ਦਾ ਘਾਟਾ ਬਰਦਾਸ਼ਤ ਕਰਨਾ ਪਿਆ। ਜਰਮਨੀ ਦੇ ਡੀ. ਏ. ਐਕਸ. ਨੂੰ 0.8 ਫੀਸਦੀ ਅੰਕ ਗਵਾਉਣੇ ਪਏ। ਜਾਪਾਨ ਦਾ ਬੈਂਚਮਾਰਕ ਨਿਕੇਈ 225 ਲੁੜਕ ਗਿਆ ਅਤੇ ਦੱਖਣੀ ਕੋਰੀਆ ਦੇ ਕੌਸਪੀ ਹੱਥੋਂ 1.3 ਫੀਸਦੀ ਅੰਕ ਖੁੱਸ ਗਏ। ਹਾਂਗ ਕਾਂਗ ਦਾ ਹੈਂਗ ਸੈਂਗ ਇੰਡੈਕਸ 1.1 ਫੀਸਦੀ ਲੁੜਕ ਗਿਆ।


Related News