''ਪੰਜਾਬੀ ਸੱਥ ਮੈਲਬੌਰਨ'' ਵੱਲੋਂ ਕਰਵਾਏ ਸਮਾਗਮ ''ਚ ਸ਼ਾਇਰ ਜੱਗੀ ਜੌਹਲ ਨੇ ਕੀਤੀ ਸ਼ਿਰਕਤ

12/10/2019 9:24:57 AM

ਮੈਲਬੌਰਨ, (ਮਨਦੀਪ ਸੈਣੀ )—ਪੰਜਾਬੀ ਸੱਥ ਮੈਲਬੌਰਨ ਵੱਲੋਂ ਗੁਆਂਢੀ ਮੁਲਕ ਨਿਊਜ਼ੀਲੈਂਡ ਤੋਂ ਆਏ ਸ਼ਾਇਰ ਜੱਗੀ ਜੌਹਲ ਦੇ ਨਾਮ ਇੱਕ ਸਾਹਿਤਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਭਾਰਤ ਤੋਂ ਆਏ ਹੋਏ ਕਵੀ ਰਣਜੀਤ ਫਰਵਾਲੀ ਜੀ ਤੋਂ ਇਲਾਵਾ ਮੈਲਬੌਰਨ ਦੇ ਸਥਾਨਕ ਕਵੀਆਂ ਤੇ ਬੁੱਧੀਜੀਵੀਆਂ ਨੇ ਵੀ ਭਾਗ ਲਿਆ।

ਸਮਾਗਮ ਦੀ ਸ਼ਰੂਆਤ ਕਰਦਿਆਂ ਕੁਲਜੀਤ ਕੌਰ ਗ਼ਜ਼ਲ ਨੇ ਆਏ ਹੋਏ ਲੇਖਕਾਂ ਤੇ ਸਰੋਤਿਆਂ ਨੂੰ 'ਜੀ ਆਇਆਂ' ਕਿਹਾ । ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਜੱਗੀ ਜੌਹਲ, ਰਣਜੀਤ ਫਰਵਾਲੀ, ਕਵਿੱਤਰੀ ਤੇ ਮੈਲਬੌਰਨ ਰੰਗਮੰਚ ਨਾਲ ਸੰਬੰਧਿਤ ਰਮਾਂ ਸੇਖੋਂ ਤੇ ਲੇਖਿਕਾ ਜੱਸੀ ਧਾਲੀਵਾਲ ਸੁਸ਼ੋਭਿਤ ਰਹੇ। ਇਸ ਪ੍ਰੋਗਰਾਮ ਵਿੱਚ ਬਹੁਤੇ ਬੁਲਾਰਿਆਂ ਦੀਆਂ ਰਚਨਾਵਾਂ ਵਿਚ ਭਾਰਤ ਵਿੱਚ ਇੱਕ ਡਾਕਟਰ ਮਹਿਲਾ ਨਾਲ ਹੋਏ ਸਮੂਹਕ ਬਲਾਤਕਾਰ ਤੇ ਕਤਲ ਦੀ ਤੜਪ ਝਲਕਦੀ ਰਹੀ, ਜਿਸ ਨਾਲ ਵਾਤਾਵਰਨ ਗਮਗੀਨ ਹੋ ਗਿਆ।

ਇਸ ਦੌਰਾਨ ਮੈਲਬੌਰਨ ਦੀ ਲੇਖਿਕਾ ਜੱਸੀ ਧਾਲੀਵਾਲ ਦੀ ਦੂਜੀ ਨਿੱਕੀਆਂ ਕਹਾਣੀਆਂ ਦੀ ਪੁਸਤਕ 'ਬਾਕੀ ਸਭ ਸੁੱਖ ਸਾਂਦ ਹੈ' ਨੂੰ ਵੀ ਰੀਲੀਜ਼ ਕੀਤਾ ਗਿਆ । ਮੰਚ ਸੰਚਾਲਨ ਦੀ ਜ਼ਿੰਮੇਦਾਰੀ ਮਧੂ ਤਨਹਾ , ਜਸਬੀਰ ਕੌਰ ਤੇ ਜਸਪ੍ਰੀਤ ਬੇਦੀ ਵਲੋਂ  ਨਿਭਾਈ ਗਈ ।

ਪ੍ਰੋਗਰਾਮ ਦੇ ਅਖੀਰ ਵਿੱਚ ਇਸ ਸ਼ਾਮ ਦੇ ਕੇਂਦਰ ਬਿੰਦੂ ਜੱਗੀ ਜੌਹਲ ਨੇ ਆਪਣੀਆਂ ਪੁਖਤਾ ਗ਼ਜ਼ਲਾਂ ਨਾਲ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ । ਨਿਊਜ਼ੀਲੈਂਡ ਵਿੱਚ ਗ਼ਜ਼ਲ ਦਾ ਬੀਜ ਬੀਜਣ ਵਾਲੇ ਹੋਣਹਾਰ ਗਜ਼ਲਗੋ ਜੱਗੀ ਜੌਹਲ ਨੇ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕੇ ਅੱਜਕੱਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ। ਉਹਨਾਂ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵਸਦੇ ਪਰਵਾਸੀਆਂ ਨੂੰ ਕਿਹਾ ਕੇ ਜੇ ਅਸੀਂ ਸਾਰੇ ਬਾਹਰ ਰਹਿ ਕੇ ਆਪਣੇ ਦੇਸ਼, ਆਪਣੀ ਭਾਸ਼ਾ ਤੇ ਸੱਭਿਆਚਾਰ ਦੀ ਦੇਖਭਾਲ ਨਹੀਂ ਕਰਦੇ ਤਾਂ ਅਸੀਂ ਇੱਕ ਕਿਸਮ ਦੇ ਭਗੌੜੇ ਹਾਂ।


Related News