ਕੈਨੇਡਾ : ਮੈਰੀਜੁਆਨਾ ਦਾ ਸੇਵਨ ਕਰਨ ਵਾਲੇ ਡਰਾਈਵਰਾਂ ਨੂੰ ਫੜਨਾ ਮੁਸ਼ਕਲ
Friday, Mar 09, 2018 - 03:33 PM (IST)

ਓਟਾਵਾ— ਕੈਨਡਾ ਵਿਚ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦੇਣ ਅਤੇ ਇਸ ਦਾ ਸੇਵਨ ਕਰਕੇ ਡਰਾਈਵਿੰਗ ਕਰਨ ਦਾ ਮੁੱਦਾ ਲਗਾਤਾਰ ਅਧਿਕਾਰੀਆਂ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ। ਸੰਘੀ ਸਰਕਾਰ ਨੇ ਨਸ਼ੇ 'ਚ ਡਰਾਈਵਿੰਗ ਕਰਨ ਵਾਲੇ ਬਿੱਲ ਨੂੰ ਫਿਲਹਾਲ ਰੋਕ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਸਖਤੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮੈਰੀਜੁਆਨਾ ਦੀ ਓਵਰਡੋਜ਼ ਲੈ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਿਵੇਂ ਹੋਵੇਗੀ ਕਿਉਂਕਿ ਇਸ ਦਾ ਕੋਈ ਮਾਪਦੰਡ ਨਹੀਂ ਹੈ। ਸ਼ਰਾਬ ਦੀ ਖੂਨ 'ਚ 0.08 ਮਾਤਰਾ ਨੂੰ ਵਧ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਹ ਵੀ ਮੰਨਿਆ ਜਾਂਦਾ ਹੈ ਕਿ ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ। ਵਿਗਿਆਨਕ ਤੌਰ 'ਤੇ ਵੀ ਇਹ ਗੱਲ ਸਿੱਧ ਹੋ ਚੁੱਕੀ ਹੈ। ਹਾਲਾਂਕਿ ਡਰਗਜ਼ ਅਤੇ ਮੈਰੀਜੁਆਨਾ ਦੇ ਮਾਮਲੇ 'ਚ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਇਸ ਸਬੰਧ ਵਿੱਚ ਲਿਆਂਦੇ ਦੋ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋ ਚੁੱਕੇ ਹਨ ਤੇ ਕਈ ਮਹੀਨਿਆਂ ਤੋਂ ਸੈਨੇਟ ਸਾਹਮਣੇ ਵਿਚਾਰ ਅਧੀਨ ਹਨ। ਸੈਨੇਟਰਜ਼ ਵੱਲੋਂ ਵੀ ਬਿੱਲ ਸੀ-45 ਦੇ ਅਧਿਐਨ ਦੀ ਸਮਾਂ ਸੀਮਾਂ ਵਿੱਚ ਵਾਧਾ ਕਰਨ ਲਈ ਸਹਿਮਤੀ ਬਣੀ ਹੈ। ਇਸ ਤੋਂ ਇਹ ਭਾਵ ਹੈ ਕਿ ਮੈਰੀਜੁਆਨਾ ਸਬੰਧੀ ਕਾਨੂੰਨ ਜੁਲਾਈ 2018 ਤੱਕ ਲਾਗੂ ਨਹੀਂ ਹੋ ਸਕੇਗਾ।
ਇਸ 'ਤੇ ਬਹੁਤ ਸਾਰੇ ਅਧਿਕਾਰੀਆਂ ਨੇ ਕਈ ਵਾਰ ਇਹ ਮੁੱਦਾ ਚੁੱਕਿਆ ਹੈ। 'ਡਰਗਜ਼ ਐਂਡ ਡਰਾਈਵਿੰਗ ਕਮੇਟੀ ਐਮੀ ਪੇਅਰੀ' ਦੀ ਕਮੇਟੀ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਕਿ ਖੂਨ 'ਚ ਕਿੰਨੀ ਮਾਤਰਾ ਮੈਰੀਜੁਆਨਾ ਹੋਣ 'ਤੇ ਕੋਈ ਵੀ ਵਿਅਕਤੀ ਡਰਾਈਵਿੰਗ ਕਰ ਸਕਦਾ ਹੈ, ਇਸ ਬਾਰੇ ਕੋਈ ਸਪੱਸ਼ਟੀਕਰਣ ਨਹੀਂ ਹੈ। ਅਪਰਾਧਕ ਡਿਫੈਂਸ ਲਾਇਰ ਮਾਈਕਲ ਸਪਰਾਟ ਨੇ ਕਿਹਾ ਕਿ ਇਸ ਮਾਮਲੇ 'ਤੇ ਪੂਰੀ ਤਰ੍ਹਾਂ ਵਿਚਾਰ ਹੋਣਾ ਜ਼ਰੂਰੀ ਹੈ।
ਕੈਨੇਡੀਅਨ ਐਸੋਸੀਏਸ਼ਨ ਦੇ ਚੀਫ ਪੁਲਸ ਪ੍ਰਧਾਨ ਮਾਰੀਓ ਹੈਰਲ ਨੇ ਕਿਹਾ ਕਿ ਸੰਭਵ ਹੈ ਕਿ ਇਸ ਦੀ ਜਾਂਚ ਲਈ ਡਰਾਈਵਰਾਂ ਦੇ ਥੁੱਕ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਸੜਕਾਂ 'ਤੇ ਵਧੇਰੇ ਪੁਲਸ ਅਧਿਕਾਰੀ ਤਾਇਨਾਤ ਕਰਨੇ ਪੈਣਗੇ। ਉਨ੍ਹਾਂ ਕਿਹਾ ਉਨ੍ਹਾਂ ਨੂੰ ਪੂਰੇ ਦੇਸ਼ ਲਈ ਹੋਰ 65,000 ਅਧਿਕਾਰੀਆਂ ਦੀ ਜ਼ਰੂਰਤ ਪਵੇਗੀ ਜੋ ਮੈਰੀਜੁਆਨਾ ਦਾ ਵਧੇਰੇ ਸੇਵਨ ਕਰਕੇ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਉਨ੍ਹਾਂ ਨੂੰ ਜਲਦੀ ਹੀ ਕਦਮ ਚੁੱਕਣੇ ਪੈਣਗੇ।