ਉੱਘੇ ਕਬੱਡੀ ਖਿਡਾਰੀ ਬਲਵੰਤ ਸਿੰਘ ਗਿੱਲ ਦੀ ਯਾਦ ''ਚ ਸਵੈ ਰੱਖਿਆ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ
Thursday, Sep 29, 2022 - 09:38 AM (IST)

ਕੋਕਰੀ ਕਲਾਂ/ਮੋਗਾ/ਲੰਡਨ (ਰਾਜਵੀਰ ਸਮਰਾ)- ਆਪਣੇ ਸਮੇਂ ਦੇ ਉੱਘੇ ਕਬੱਡੀ ਖਿਡਾਰੀ ਬਲਵੰਤ ਸਿੰਘ ਗਿੱਲ ਜੋ ਕਿ ਪਿਛਲੇ ਸਾਲ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਕੋਕਰੀ ਕਲਾਂ ਵਿਚ ਲੜਕੇ-ਲੜਕੀਆਂ ਦੇ ਸਕੂਲਾਂ ਵਿਚ ਆਤਮਰੱਖਿਆ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਉਨ੍ਹਾਂ ਨੇ ਹੋਣਹਾਰ ਅਤੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਗਿੱਲ ਪਾਲਕ ਪਿੰਕ ਸਿਟੀ ਹੇਜ ਲੰਡਨ ਵੱਲੋਂ ਸਪਾਂਸਰ ਕੀਤਾ ਗਿਆ।
ਇਸ ਕੈਂਪ ਦੌਰਾਨ ਹਰਪ੍ਰੀਤ ਸਿੰਘ ਦਿਓਲ ਟ੍ਰੇਨਰ ਵੱਲੋਂ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਵਡਮੁੱਲੇ ਟਿਪਸ ਵੀ ਦਿੱਤੇ ਗਏ। ਇਸ ਦੌਰਾਨ ਹਰਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਇਸ ਮਾਰਸ਼ਲ ਆਰਟ ਰਾਹੀਂ ਹਰ ਵਿਅਕਤੀ ਚਾਹੇ ਉਹ ਲੜਕਾ ਜਾਂ ਲੜਕੀ ਹੋਵੇ ਆਪਣੀ ਸਵੈ ਰੱਖਿਆ ਕਰ ਸਕਦਾ ਹੈ। ਇਸ ਲਈ ਸਵੈ ਰੱਖਿਆ ਵਾਸਤੇ ਇਸ ਕਲਾ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਕੈਂਪ ਲਈ ਵਿਸ਼ੇਸ਼ ਤੌਰ 'ਤੇ ਲਖਵਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਨੇ ਇਸ ਕੈਂਪ ਨੂੰ ਲਗਾ ਕੇ ਬੱਚਿਆਂ ਨੂੰ ਮਾਰਸ਼ਲ ਆਰਟ ਸਿਖਾਉਣ ਲਈ ਇਹ ਪਵਿੱਤਰ ਕਾਰਜ ਕੀਤਾ ਹੈ। ਇਸ ਮੌਕੇ 'ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਰੂਪਰਾ ਅਤੇ ਦੋਹਾਂ ਸਕੂਲਾਂ ਦੇ ਪ੍ਰਿੰਸੀਪਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।