ਅਮਰੀਕਾ-ਮੈਕਸੀਕੋ ਸਰਹੱਦ ਦਾ ਵੱਖਰਾ ਨਜ਼ਾਰਾ, ਟਰੰਪ ਦੀ ''ਕੰਧ'' ''ਤੇ ਲੋਕਾਂ ਪਾਏ ਝੂਲੇ (ਤਸਵੀਰਾਂ)
Tuesday, Jul 30, 2019 - 07:02 PM (IST)

ਵਾਸ਼ਿੰਗਟਨ— ਇਕ ਪਾਸੇ ਜਿਥੇ ਅਮਰੀਕਾ ਤੇ ਮੈਕਸੀਕੋ ਨੂੰ ਵੱਖ ਕਰਨ ਲਈ ਕੰਧ ਦਾ ਨਿਰਮਾਣ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਸਰਹੱਦ 'ਤੇ ਇਕ ਵੱਖਰੀ ਹੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਦੇਸ਼ਾਂ ਦੇ ਬੱਚਿਆਂ ਤੇ ਲੋਕਾਂ ਲਈ ਸਰਹੱਦੀ ਕੰਧ 'ਤੇ ਝੂਲੇ (ਸੀ-ਸਾ) ਬਣਾਏ ਜਾ ਰਹੇ ਹਨ, ਜੋ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਦਰਸਾਉਂਦੇ ਹਨ।
ਸੋਸ਼ਲ ਮੀਡਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਅਮਰੀਕਾ ਤੇ ਮੈਕਸੀਕੋ ਰਾਸ਼ਟਰਾਂ ਦੇ ਬੱਚੇ ਮਜ਼ੇ ਲੈਂਦੇ ਦੇਖੇ ਜਾ ਸਕਦੇ ਹਨ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਆਰਕੀਟੈਕਚਰ ਪ੍ਰੋਫੈਸਰ ਰੋਨਾਲਡ ਰਾਏਲ ਇਨ੍ਹਾਂ ਝੂਲਿਆਂ ਨੂੰ ਤਿਆਰ ਕਰਨ ਵਾਲੀ ਟੀਮ ਦੇ ਮੈਂਬਰਾਂ 'ਚੋਂ ਇਕ ਹਨ। ਇਹ ਝੂਲੇ ਸਨਲੈਂਡ ਪਾਰਕ, ਨਿਊ ਮੈਕਸੀਕੋ ਤੇ ਕਿਊਦਾਦ ਜੁਆਰੇਜ਼ ਮੈਕਸੀਕੋ ਨੇੜੇ ਬਣਾਏ ਗਏ ਹਨ।
ਪ੍ਰੋਫੈਸਰ ਰਾਏਲ ਨੇ ਕਿਹਾ ਕਿ ਮੈਕਸੀਕਨ ਤੇ ਅਮਰੀਕੀ ਲੋਕਾਂ ਵਿਚਾਲੇ ਚੰਗੇ ਸਬੰਧ ਹਨ ਤੇ ਸਰਹੱਦ 'ਤੇ ਬਣੇ ਝੂਲੇ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਬਰਾਬਰ ਹਾਂ ਤੇ ਇਕੱਠੇ ਖੇਡ ਸਕਦੇ ਹਾਂ। ਇਹ ਇਕ ਦੇਸ਼ 'ਚ ਵਾਪਰਣ ਵਾਲੀ ਘਟਨਾ ਦਾ ਦੂਜੇ ਦੇਸ਼ 'ਤੇ ਅਸਰ ਨੂੰ ਦਿਖਾਉਂਦਾ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਆ ਰਹੀਆਂ ਤਸਵੀਰਾਂ ਤੇ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਦੇਸ਼ਾਂ ਦੇ ਪਰਿਵਾਰ ਇਕ-ਦੂਜੇ ਨਾਲ ਗੱਲਾਂ ਕਰ ਰਹੇ ਹਨ, ਹੱਸ ਰਹੇ ਹਨ ਤੇ ਮਿਲ-ਵਰਤ ਰਹੇ ਹਨ।
ਜਿਥੇ ਇਕ ਪਾਸੇ ਦੋਵਾਂ ਦੇਸ਼ਾਂ ਦੇ ਲੋਕ ਇਕੱਠੇ ਰਹਿਣਾ ਚਾਹੁੰਦੇ ਹਨ ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋਵਾਂ ਮੁਲਕਾਂ ਵਿਚਾਲੇ ਕੰਧ ਖੜ੍ਹੀ ਕਰਨ 'ਤੇ ਉਤਾਰੂ ਹਨ। ਇਸ ਦੇ ਲਈ ਉਹ ਹੁਣ ਤੱਕ ਅਰਬਾਂ ਡਾਲਰ ਖਰਚ ਚੁੱਕੇ ਹਨ ਤੇ ਹਾਲ ਹੀ 'ਚ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਐਰੀਜ਼ੋਨਾ, ਕੈਲੀਫੋਰਨੀਆ ਤੇ ਨਿਊ ਮੈਕਸੀਕੋ ਇਲਾਕਿਆਂ 'ਤੇ ਕੰਧ ਦੇ ਨਿਰਮਾਣ ਲਈ 2.5 ਬਿਲੀਅਨ ਡਾਲਰ ਮਨਜ਼ੂਰ ਕੀਤੇ ਹਨ।