ਕੁਦਰਤ ਦਾ ਕਹਿਰ! ਪਰਿਵਾਰ ਦੇ 25 ਜੀਆਂ ਦੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਸ਼ਖ਼ਸ
Thursday, Feb 09, 2023 - 02:11 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਤੁਰਕੀ ਅਤੇ ਸੀਰੀਆ 'ਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਕਈ ਹੈਰਾਨ ਅਤੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਜਿਹੀ ਹੀ ਇਕ ਤਸਵੀਰ ਸ਼ੈਲਟਰ ਹੋਮ ਦੀ ਸਾਹਮਣੇ ਆਈ ਹੈ, ਜਿਸ ਦੇ ਇਕ ਕਮਰੇ ਵਿਚ 25 ਲਾਸ਼ਾਂ ਰੱਖੀਆਂ ਗਈਆਂ ਹਨ। ਇਨ੍ਹਾਂ ਲਾਸ਼ਾਂ ਵਿੱਚ ਇੱਕ ਜ਼ਿੰਦਾ ਵਿਅਕਤੀ ਵੀ ਹੈ। ਕਦੇ ਉਹ ਇੱਕ ਲਾਸ਼ ਕੋਲ ਜਾਂਦਾ ਤੇ ਕਦੇ ਦੂਜੀ ਕੋਲ। ਰੋਂਦੇ ਹੋਏ ਉਹ ਮਰੇ ਹੋਏ ਵਿਅਕਤੀ ਦਾ ਨਾਮ ਲੈ ਕੇ ਉਸਨੂੰ ਜੱਫੀ ਪਾ ਲੈਂਦਾ ਹੈ।
ਇਨ੍ਹਾਂ ਲਾਸ਼ਾਂ ਵਿੱਚੋਂ ਜ਼ਿੰਦਾ ਵਿਅਕਤੀ ਅਹਿਮਦ ਇਦਰੀਸ ਹੈ ਅਤੇ ਇਹ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਸੀਰੀਆ ਦੇ ਸਰਾਕੀਬ ਸ਼ਹਿਰ ਦਾ ਹੈ। ਸੋਮਵਾਰ ਨੂੰ ਆਏ ਭੂਚਾਲ ਨੇ ਇਦਰੀਸ ਨੂੰ ਜੀਵਨ ਭਰ ਦਾ ਸੋਗ ਦੇ ਦਿੱਤਾ। ਭੂਚਾਲ ਵਿਚ ਉਸ ਦੇ ਪਰਿਵਾਰ ਦੇ 25 ਜੀਆਂ ਦੀ ਮੌਤ ਹੋ ਗਈ ਸੀ। ਉਹ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਇਹ ਭੂਚਾਲ ਉਨ੍ਹਾਂ ਲਈ ਇਹ ਦਰਦਨਾਕ ਯਾਦਾਂ ਲੈ ਕੇ ਆਇਆ ਹੈ। ਇਦਰੀਸ ਦਾ ਕਹਿਣਾ ਹੈ ਕਿ “ਸੀਰੀਆ ਵਿੱਚ ਚੱਲ ਰਹੀ ਜੰਗ ਕਾਰਨ ਉਹ ਸਾਰਾਕਿਬ ਪਹੁੰਚਿਆ ਸੀ, ਤਾਂ ਜੋ ਬੱਚਿਆਂ ਅਤੇ ਉਸ ਨੂੰ ਇੱਕ ਸੁਰੱਖਿਅਤ ਪਨਾਹ ਮਿਲ ਸਕੇ। ਪਰ ਕੁਦਰਤ ਦੇ ਕਹਿਰ ਨੇ ਸਭ ਕੁਝ ਤਬਾਹ ਕਰ ਦਿੱਤਾ। ਇਦਰੀਸ ਨੇ ਆਪਣੇ ਮਰੇ ਹੋਏ ਪੋਤੇ ਦੀ ਲਾਸ਼ ਨੂੰ ਜੱਫੀ ਪਾ ਕੇ ਕਿਹਾ ਕਿ ਤੁਸੀਂ ਮੇਰਾ ਦਿਲ ਦੁਖਾਇਆ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਹੋਵੇਗਾ। ਇਦਰੀਸ ਨੇ ਕਿਹਾ ਕਿ ਮੈਂ ਆਪਣੀ ਧੀ, ਉਸ ਦੇ ਦੋ ਪੁੱਤਰ ਵੀ ਗੁਆ ਦਿੱਤੇ ਹਨ। ਮੇਰੀ ਧੀ ਦੇ ਪਤੀ ਦਾ ਪਰਿਵਾਰ ਵੀ ਮਾਰਿਆ ਗਿਆ। ਮੇਰੇ ਵਧੇ ਹੋਏ ਪਰਿਵਾਰ ਦੇ ਬਹੁਤੇ ਮੈਂਬਰ ਹੁਣ ਨਹੀਂ ਰਹੇ।
ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ 7.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਤੁਰਕੀ ਅਤੇ ਸੀਰੀਆ ਦੀ ਸਰਹੱਦ ਨੇੜੇ ਸੀ। ਅਜਿਹੇ 'ਚ ਤੁਰਕੀ ਤੋਂ ਸੀਰੀਆ ਤੱਕ ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ। ਭੂਚਾਲ 'ਚ ਢਹਿ-ਢੇਰੀ ਹੋ ਗਈਆਂ ਇਮਾਰਤਾਂ ਦੇ ਮਲਬੇ 'ਚੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹਜ਼ਾਰਾਂ ਪਰਿਵਾਰ ਬੇਘਰ ਹੋ ਗਏ। ਸੈਂਕੜੇ ਬੱਚੇ ਅਨਾਥ ਹੋ ਗਏ। ਦੋਵਾਂ ਦੇਸ਼ਾਂ ਵਿਚ ਭੂਚਾਲ ਕਾਰਨ ਹੁਣ ਤੱਕ 15000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਵਿੱਚ ਹੁਣ ਤੱਕ 12,391 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੀਰੀਆ ਵਿੱਚ 2,992 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੋਵਾਂ ਦੇਸ਼ਾਂ ਵਿੱਚ 11000 ਤੋਂ ਵੱਧ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਵੀ 15000 ਤੋਂ ਵੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੀਰੀਆ 'ਚ ਮਲਬੇ ਹੇਠਾਂ ਦੱਬੀ ਭੈਣ ਨੇ ਬਚਾਈ ਭਰਾ ਦੀ ਜਾਨ, 17 ਘੰਟੇ ਬਾਅਦ ਕੱਢੇ ਗਏ ਦੋਵੇਂ ਮਾਸੂਮ (ਵੀਡੀਓ)
ਹੋਰ ਵੀ ਕਹਾਣੀਆਂ ਹਨ...
ਇਦਰੀਸ ਇਕੱਲਾ ਅਜਿਹਾ ਨਹੀਂ ਹੈ ਜਿਸ ਤੋਂ ਭੂਚਾਲ ਨੇ ਸਭ ਕੁਝ ਖੋਹ ਲਿਆ। ਤੁਰਕੀ ਦੇ ਰਹਿਣ ਵਾਲੇ ਅਬਦੁਲਾਲਿਮ ਮੁਈਨੀ ਦੀ ਕਹਾਣੀ ਵੀ ਅਜਿਹੀ ਹੀ ਹੈ। ਭੂਚਾਲ ਦੇ 48 ਘੰਟੇ ਬਾਅਦ ਅਬਦੁਲਾਲਿਮ ਨੂੰ ਬਚਾਇਆ ਗਿਆ। ਉਹ ਅਤੇ ਉਸ ਦਾ ਪਰਿਵਾਰ ਮਲਬੇ ਹੇਠ ਦੱਬ ਗਿਆ। ਅਬਦੁਲਾਲਿਮ ਦੀ ਪਤਨੀ ਅਤੇ ਦੋਵੇਂ ਧੀਆਂ ਦੀ ਮੌਤ ਹੋ ਗਈ। ਮੁਈਨੀ ਆਪਣੀ ਪਤਨੀ ਦੀ ਲਾਸ਼ ਸਮੇਤ ਦੋ ਦਿਨਾਂ ਤੋਂ ਮਲਬੇ ਵਿੱਚ ਫਸਿਆ ਰਿਹਾ। ਅਬਦੁਲਾਲਿਮ ਵੀ ਜ਼ਖਮੀ ਹੈ ਪਰ ਇਸ ਹਾਦਸੇ ਵਿੱਚ ਉਸ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।