ਧਾਰਮਿਕ ਸਥਾਨਾਂ ਦੇ ਸੁਰੱਖਿਆ ਪ੍ਰਬੰਧ ਪੁਖਤਾ ਕਰਨੇ ਜ਼ਰੂਰੀ: ਸਿੱਖ ਭਾਈਚਾਰਾ

Tuesday, Mar 19, 2019 - 07:53 AM (IST)

ਧਾਰਮਿਕ ਸਥਾਨਾਂ ਦੇ ਸੁਰੱਖਿਆ ਪ੍ਰਬੰਧ ਪੁਖਤਾ ਕਰਨੇ ਜ਼ਰੂਰੀ: ਸਿੱਖ ਭਾਈਚਾਰਾ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਵਿਖੇ ਜੁੰਮੇ ਦੀ ਨਮਾਜ਼ ਅਦਾ ਕਰ ਰਹੇ ਅਕੀਦਤਮੰਦਾਂ 'ਤੇ ਕੀਤੇ ਗਏ ਅੱਤਵਾਦੀ ਕਤਲੇਆਮ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਆਸਟ੍ਰੇਲੀਆ ਤੇ ਦੁਨੀਆ ਭਰ ਵਿਚ ਵੱਖ-ਵੱਖ ਮਜ਼ਹਬਾਂ, ਸਮਾਜਿਕ, ਰਾਜਨੀਤਕ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਵਲੋਂ ਇਸ ਹਮਲੇ ਵਿੱਚ ਮ੍ਰਿਤਕ ਲੋਕਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ ਅਤੇ ਇਸ ਨਫਰਤੀ ਹਮਲੇ ਨੂੰ ਘੋਰ ਨਿੰਦਣਯੋਗ ਕਰਾਰ ਦਿੰਦਿਆਂ ਮੁਸਲਮਾਨ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।
ਇਸ ਨਫਰਤੀ ਹਮਲੇ ਦੇ ਵਿਰੋਧ ਵਿੱਚ ਗੁਰਦੁਆਰਾ ਸਿੰਘ ਸਭਾ ਟੇਗਮ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਦੀ ਕਮੇਟੀ ਵਲੋਂ ਵੀ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ, ਸੁੱਖਰਾਜ ਸਿੰਘ ਸਕੱਤਰ ਤੇ ਮਨਦੀਪ ਸਿੰਘ ਖਜ਼ਾਨਚੀ ਨੇ ਦੱਸਿਆ ਕਿ ਸਿੱਖ ਭਾਈਚਾਰਾ ਇਸ ਮੰਦਭਾਗੀ ਤੇ ਮਨਹੂਸ ਘੜੀ ਵਿੱਚ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਮੁਸਲਮਾਨ ਭਾਈਚਾਰੇ ਨਾਲ ਖੜ੍ਹ ਕੇ ਇਕਜੁੱਟਤਾ ਤੇ ਹਮਦਰਦੀ ਪ੍ਰਗਟ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਜਲਦੀ ਹੀ ਕੁਈਨਜ਼ਲੈਂਡ ਪੁਲਸ ਸਰਵਿਸ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਗੁਰੂ ਘਰ ਅਤੇ ਸੰਗਤਾਂ ਦੀ ਸੁਰੱਖਿਆ ਦੇ ਪ੍ਰਬੰਧ ਹੋਰ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਸਕਣ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਗਰਚਾ, ਰਣਦੀਪ ਸਿੰਘ ਜੌਹਲ ਸਕੱਤਰ, ਭਾਈ ਸੁਖਦੇਵ ਸਿੰਘ, ਮਨਮੋਹਨ ਸਿੰਘ, ਗੁਰਵਿੰਦਰ ਰੰਧਾਵਾ, ਰਾਣਾ, ਸਤਿੰਦਰ ਸਿੰਘ, ਸੰਤੋਖ ਸਿੰਘ ਜੌਹਲ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।


Related News