ਅਮਰੀਕਾ ''ਚ ਕੋਰੋਨਾ ਦੀ ਦੂਜੀ ਲਹਿਰ, ਨਵੰਬਰ ''ਚ ਹੋ ਸਕਦੇ ਹਨ 1 ਕਰੋੜ ਮਾਮਲੇ

Thursday, Jul 09, 2020 - 09:22 PM (IST)

ਅਮਰੀਕਾ ''ਚ ਕੋਰੋਨਾ ਦੀ ਦੂਜੀ ਲਹਿਰ, ਨਵੰਬਰ ''ਚ ਹੋ ਸਕਦੇ ਹਨ 1 ਕਰੋੜ ਮਾਮਲੇ

ਵਾਸ਼ਿੰਗਟਨ - ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਕੁਝ ਦੇਸ਼ ਇਸ ਦੀ ਮਾਰ ਨਾਲ ਬੁਰੀ ਤਰ੍ਹਾਂ ਨਾਲ ਨਜਿੱਠ ਰਹੇ ਹਨ, ਤਾਂ ਕੁਝ ਹਜ਼ਾਰਾਂ ਜਾਨ ਗੁਆਉਣ ਤੋਂ ਬਾਅਦ ਉਭਰਣ ਵਿਚ ਲੱਗੇ ਹਨ। ਅਮਰੀਕਾ ਜਿਹੇ ਕੁਝ ਦੇਸ਼ ਅਜਿਹੇ ਵੀ ਹਨ, ਜੋ ਇਸ ਦੀ ਪਹਿਲੀ ਮਾਰ ਤੋਂ ਹੀ ਨਹੀਂ ਉਭਰੇ ਹਨ ਅਤੇ ਉਨਾਂ 'ਤੇ ਇਸ ਮਹਾਮਾਰੀ ਨੇ ਦੂਜਾ ਹਮਲਾ ਕਰ ਦਿੱਤਾ ਹੈ। ਅਮਰੀਕਾ ਵਿਚ ਜੁਲਾਈ ਵਿਚ ਕੋਰੋਨਾਵਾਇਰਸ ਦੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਹਨ, ਉਹ ਬੇਹੱਦ ਡਰਾਉਣ ਵਾਲੇ ਹਨ। ਦੁਨੀਆ ਦੀ ਮਹਾਸ਼ਕਤੀ ਅਖਵਾਉਣ ਵਾਲੇ ਇਸ ਦੇਸ਼ ਵਿਚ ਹੁਣ ਕਰੀਬ 31 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਤਾਜ਼ਾ ਟ੍ਰੈਂਡਸ ਦੇਖ ਲੱਗ ਰਿਹਾ ਹੈ ਕਿ 4-5 ਮਹੀਨੇ ਵਿਚ ਹੀ ਇਹ ਗਿਣਤੀ ਵਧ ਕੇ ਇਕ ਕਰੋੜ ਪਹੁੰਚ ਸਕਦੀ ਹੈ। ਅਜਿਹਾ ਲੱਗਣ ਦਾ ਕੋਈ ਵਿਗਿਆਨਕ ਕਾਰਨ ਹੈ ਜਾਂ ਇਹ ਸਿਰਫ ਅਨੁਮਾਨ ਹੈ।

ਕੋਰੋਨਾਵਾਇਰਸ 'ਤੇ ਨਜ਼ਰ ਰੱਖ ਵਾਲੀ ਵੈੱਬਸਾਈਟ ਵਰਲਡੋਮੀਟਰ ਮੁਤਾਬਕ ਅਮਰੀਕਾ ਵਿਚ 8 ਜੁਲਾਈ ਤੱਕ 31.58 ਲੱਖ ਮਾਮਲੇ ਹੋ ਚੁੱਕੇ ਹਨ। ਇਸ ਦੇਸ਼ ਵਿਚ ਹੀ ਸਭ ਤੋਂ ਜ਼ਿਆਦਾ ਮੌਤਾਂ (1.35 ਲੱਖ) ਹੋਈਆਂ ਹਨ। ਦੁਨੀਆ ਵਿਚ ਇਸ ਵੇਲੇ 1.21 ਕਰੋੜ ਮਾਮਲੇ ਹਨ 5.50 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੁਨੀਆ ਵਿਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਬ੍ਰਾਜ਼ੀਲ ਅਤੇ ਫਿਰ ਭਾਰਤ ਵਿਚ ਹਨ। ਬ੍ਰਾਜ਼ੀਲ ਵਿਚ ਹੁਣ ਤੱਕ 17.16 ਲੱਖ ਅਤੇ ਭਾਰਤ ਵਿਚ 7.70 ਲੱਖ ਲੋਕ ਕੋਵਿਡ-19 ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਭਾਰਤ ਵਿਚ 21 ਹਜ਼ਾਰ ਅਤੇ ਬ੍ਰਾਜ਼ੀਲ ਵਿਚ 68 ਹਜ਼ਾਰ ਲੋਕ ਇਸ ਮਹਾਮਾਰੀ ਕਾਰਨ ਮਾਰੇ ਜਾ ਚੁੱਕੇ ਹਨ।

ਮਈ ਅਤੇ ਜੂਨ ਵਿਚ ਘੱਟਣ ਲੱਗੇ ਸਨ ਮਾਮਲੇ
ਅਮਰੀਕਾ ਵਿਚ ਅਪ੍ਰੈਲ ਦੌਰਾਨ 30-35 ਹਜ਼ਾਰ ਮਾਮਲੇ ਰੋਜ਼ ਸਾਹਮਣੇ ਆ ਰਹੇ ਸਨ। ਮਈ ਦੇ ਤੀਜੇ ਹਫਤੇ ਮਾਮਲੇ ਘੱਟਣੇ ਸ਼ੁਰੂ ਹੋਏ। 22 ਮਈ ਤੋਂ ਲੈ ਕੇ 15 ਜੂਨ ਤੱਕ ਜੇਕਰ 2 ਦਿਨ ਨੂੰ ਛੱਡ ਦਈਏ ਤਾਂ 25 ਹਜ਼ਾਰ ਤੋਂ ਘੱਟ ਮਾਮਲੇ ਆਏ। ਇਸ ਅਨੁਪਾਤ ਵਿਚ ਮੌਤਾਂ ਦੀ ਗਿਣਤੀ ਵੀ ਘੱਟ ਰਹੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਅਮਰੀਕਾ ਵਿਚ ਕੋਰੋਨਾ ਸ਼ਾਇਦ ਆਪਣੀ ਪੀਕ 'ਤੇ ਪਹੁੰਚ ਕੇ ਘੱਟ ਹੋਣ ਲੱਗਾ ਹੈ। ਪਰ ਅਜਿਹਾ ਨਹੀਂ ਸੀ।

ਜੁਲਾਈ ਵਿਚ 8 ਦਿਨ 'ਚ ਵਧੇ 4 ਲੱਖ ਕੇਸ
ਅਮਰੀਕਾ ਵਿਚ ਜੁਲਾਈ ਦੇ ਮਹੀਨੇ ਵਿਚ ਸਿਰਫ 8 ਦਿਨਾਂ ਵਿਚ 4.32 ਲੱਖ ਮਾਮਲੇ ਆ ਗਏ ਹਨ। ਮਤਲਬ ਔਸਤਨ ਰੁਜ਼ਾਨਾ 54 ਹਜ਼ਾਰ ਕੇਸ। ਇਹ ਗਿਣਤੀ ਦੇਖ ਕੇ ਉਨ੍ਹਾਂ ਸਾਇੰਸਦਾਨਾਂ ਦਾ ਦਾਅਵਾ ਸਹੀ ਹੁੰਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਚਿਤਾਇਆ ਸੀ ਕਿ ਕਈ ਦੇਸ਼ਾਂ ਵਿਚ ਕੋਰੋਨਾ ਵਾਪਸੀ ਕਰੇਗਾ ਅਤੇ ਜ਼ਿਆਦਾ ਖਤਰਨਾਕ ਹੋ ਕੇ ਕਹਿਰ ਮਚਾਵੇਗਾ। ਅਮਰੀਕਾ ਵਿਚ 8 ਜੁਲਾਈ ਨੂੰ 61 ਹਜ਼ਾਰ ਮਾਮਲੇ ਦਰਜ ਕੀਤੇ ਗਏ ਸਨ।

15 ਅਗਸਤ ਤੱਕ 50 ਲੱਖ ਮਾਮਲੇ ਹੋਣਗੇ।
ਅਮਰੀਕਾ ਵਿਚ ਕੋਰੋਨਾ ਦੇ ਵੱਧਣ ਦੀ ਮੌਜੂਦਾ ਰਫਤਾਰ ਜੇਕਰ ਬਰਕਰਾਰ ਰਹਿੰਦੀ ਹੈ ਤਾਂ 31 ਜੁਲਾਈ ਤੱਕ 42 ਲੱਖ ਤੋਂ ਜ਼ਿਆਦਾ ਮਾਮਲੇ ਹੋ ਜਾਣਗੇ। ਇਸ ਤਰ੍ਹਾਂ 15 ਅਗਸਤ ਤੱਕ ਅਮਰੀਕਾ ਵਿਚ 50 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ। ਨਵੰਬਰ ਦੇ ਆਖਰੀ ਹਫਤੇ ਵਿਚ ਇਹ ਗਿਣਤੀ ਇਕ ਕਰੋੜ ਪਹੁੰਚ ਸਕਦੀ ਹੈ।

ਡੋਨਾਲਡ ਟਰੰਪ ਦੀ ਜਲਦਬਾਜ਼ੀ ਵੀ ਕਾਰਨ
ਹਾਲਾਂਕਿ, ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਆ ਗਈ ਹੈ। ਇਸ ਬਾਰੇ ਵਿਚ ਅਲੱਗ-ਅਲੱਗ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿਚ ਦੂਜੀ ਲਹਿਰ ਦਾ ਸਮਾਂ ਸਤੰਬਰ-ਅਕਤੂਬਰ ਨੂੰ ਦੱਸਿਆ ਜਾ ਰਿਹਾ ਹੈ। ਹਾਂ, ਅਮਰੀਕਾ ਵਿਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਦਾ ਇਕ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲੈਣਾ ਵੀ ਰਿਹਾ ਹੈ। ਉਨ੍ਹਾਂ ਨੇ ਸ਼ੁਰੂਆਤ ਵਿਚ ਕੋਰੋਨਾਵਾਇਰਸ ਦਾ ਮਜ਼ਾਕ ਤੱਕ ਉਡਾਇਆ। ਹੁਣ ਜਦ ਦੇਸ਼ ਵਿਚ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ, ਉਦੋਂ ਉਹ ਸਕੂਲ ਖੋਲ੍ਹਣ ਲਈ ਦਬਾਅ ਬਣਾ ਰਹੇ ਹਨ। ਅਮਰੀਕਾ ਵਿਚ ਨਵੰਬਰ ਤੱਕ ਚੋਣਾਂ ਵੀ ਹੋਣੀਆਂ ਹਨ। ਚੋਣਾਂ ਕਾਰਨ ਵੀ ਅਮਰੀਕਾ ਵਿਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਵਿਚ ਮੁਸ਼ਕਿਲਾਂ ਆਉਣ ਵਾਲੀਆਂ ਹਨ।


author

Khushdeep Jassi

Content Editor

Related News