ਸਕਾਟਲੈਂਡ ਦੇ ਸਿੱਖ ਨੌਜਵਾਨ ਚਰਨਦੀਪ ਸਿੰਘ ਨੂੰ "ਬੁਰੇ ਵਕਤ ''ਚ ਹੀਰੋ" ਵਜੋਂ ਮਾਣ

06/30/2020 9:26:45 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਨਿੱਜ ਨੂੰ ਪਾਸੇ ਰੱਖ ਕੇ ਘਰਾਂ 'ਚ ਇਕਾਂਤਵਾਸ ਅਧੀਨ ਲੋਕਾਂ, ਬਜ਼਼ੁਰਗਾਂ, ਬੇਘਰੇ ਲੋਕਾਂ, ਮੂਹਰਲੀ ਕਤਾਰ 'ਚ ਕੰਮ ਕਰਦੇ ਕਾਮਿਆਂ ਤੱਕ ਭੋਜਨ ਆਦਿ ਪਹੁੰਚਾਉਣ ਲਈ ਵੱਖ-ਵੱਖ ਭਾਈਚਾਰੇ, ਵੱਖ-ਵੱਖ ਸੰਸਥਾਵਾਂ ਸਰਗਰਮ ਰਹੀਆਂ ਹਨ। "ਇੰਡੀਪੈਂਡੈਂਟ" ਵੱਲੋਂ "ਹੀਰੋਜ਼ ਇਨ ਏ ਕਰਾਇਸਸ" ਅਧੀਨ ਦੇਸ਼ ਭਰ ਵਿੱਚੋਂ ਜਿਹੜੇ ਨਿਸ਼ਕਾਮ ਸੇਵਕਾਂ ਦੀ ਚੋਣ ਕੀਤੀ ਹੈ, ਉਨਾਂ ਵਿੱਚ ਗਲਾਸਗੋ ਦੇ ਸਿੱਖ ਨੌਜਵਾਨ ਚਰਨਦੀਪ ਸਿੰਘ ਦਾ ਨਾਂ ਆਉਣ ਨਾਲ ਸਿੱਖ ਭਾਈਚਾਰੇ ਦਾ ਜ਼ਿਕਰ ਵੀ ਹੋਇਆ ਹੈ।

ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਤੇ ਸਾਥੀਆਂ ਵੱਲੋਂ 'ਸਿੱਖ ਫੂਡ ਬੈਂਕ' ਰਾਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਭੋਜਨ ਦੇ ਤਿਆਰ ਕੀਤੇ ਪੈਕੇਟ ਲੋੜਵੰਦਾਂ ਤੱਕ ਪਹੁੰਚਾਉਣ ਦਾ ਕਾਰਜ ਕੀਤਾ ਗਿਆ ਸੀ। 'ਸਿੱਖ ਫੂਡ ਬੈਂਕ' ਵੱਲੋਂ ਕਰਿਆਨੇ ਦੇ ਪੈਕਟ ਅਤੇ ਪਕਾਏ ਗਏ ਖਾਣੇ ਦੇ ਪੈਕਟ ਲੋੜਵੰਦਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਦਾ ਸੀ। ਘਰਾਂ ਵਿੱਚ ਨਜ਼ਰਬੰਦ ਲੋਕਾਂ ਲਈ ਖਰੀਦਦਾਰੀ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਚਰਨਦੀਪ ਸਿੰਘ ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਡਿਪਟੀ ਚੀਫ ਐਗਜ਼ੀਕਿਟਿਵ ਹਨ ਅਤੇ ਗਲਾਸਗੋ ਵਿਚ ਰਹਿੰਦੇ ਹਨ। ਸਿੱਖ ਧਰਮ ਦੀਆਂ ਸਿੱਖਿਆਵਾਂ 'ਤੇ ਪਹਿਰਾ ਦੇਣ ਵਾਲੇ ਚਰਨਦੀਪ ਸਿੰਘ ਨੇ "ਜਗਬਾਣੀ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾ ਦੇ ਸਾਥੀ ਸੇਵਾ ਭਾਵਨਾ ਲੈ ਕੇ ਇਸ ਰਾਹ ਤੁਰੇ ਸਨ।

ਇੰਡੀਪੈਂਡੈਂਟ ਵੱਲੋਂ ਦਿੱਤਾ ਇਹ ਮਾਣ ਸਨਮਾਨ ਉਨ੍ਹਾਂ ਸਮੂਹ ਸਾਥੀਆਂ ਤੇ ਸੰਗਤਾਂ ਦਾ ਮਾਣ ਹੈ ਜਿਹਨਾਂ ਨੇ ਸਾਡਾ ਪੈਰ ਪੈਰ 'ਤੇ ਸਾਥ ਦਿੱਤਾ ਹੈ। ਚਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਗਲਾਸਗੋ, ਐਡਿਨਬਰਾ, ਡੰਡੀ ਅਤੇ ਐਬਰਡੀਨ ਤੱਕ  ਹਫ਼ਤਾਵਾਰੀ ਸੇਵਾ ਕੀਤੀ ਜਾਂਦੀ ਰਹੀ ਹੈ। ਇਨ੍ਹਾਂ ਸੇਵਾ ਕਾਰਜਾਂ ਦੌਰਾਨ ਉਨ੍ਹਾਂ ਇਹ ਨਹੀਂ ਦੇਖਿਆ ਕਿ ਸੇਵਾ ਲੈਣ ਵਾਲਾ ਕੌਣ ਹੈ? ਸਗੋਂ ਅਸੀਂ ਮਾਨਵਤਾ ਦੀ ਸੇਵਾ ਦਾ ਸੰਕਲਪ ਲੈ ਕੇ ਸਿੱਖਾਂ, ਗੈਰ-ਸਿੱਖਾਂ ਸਭ ਲਈ ਤਤਪਰ ਰਹੇ। ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਦਾ ਨਾਮ ਦੇਸ਼ ਭਰ ਵਿੱਚ ਸਰਗਰਮ ਰਹੀਆਂ ਐੱਨ. ਐੱਚ. ਐੱਸ. ਲਈ ਮਿਲੀਅਨ ਪੌਂਡ ਇਕੱਤਰ ਕਰਨ ਵਾਲੀਆਂ ਟੌਮ ਮੂਰ ਵਰਗੀਆਂ ਹਸਤੀਆਂ ਨਾਲ ਪ੍ਰਚਾਰਿਆ ਗਿਆ ਹੈ।


 


Lalita Mam

Content Editor

Related News