ਸਕਾਟਲੈਂਡ ਦੇ ਪਰਬਤ ਆਰੋਹੀ ਦੀ ਕੇ-2 ਪਹਾੜੀ ਚੋਟੀ ''ਤੇ ਚੜ੍ਹਾਈ ਦੌਰਾਨ ਮੌਤ
Monday, Jul 26, 2021 - 05:28 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਇੱਕ ਪਰਬਤ ਆਰੋਹੀ ਰਿਕ ਐਲਨ ਦੀ ਏਸ਼ੀਆ ਵਿੱਚ ਸਥਿਤ ਕੇ-2 ਪਰਬਤੀ ਚੋਟੀ 'ਤੇ ਚੈਰਿਟੀ ਲਈ ਪੈਸੇ ਇਕੱਠੇ ਕਰਨ ਦੇ ਮੰਤਵ ਲਈ ਚੜ੍ਹਾਈ ਕਰਦਿਆਂ ਮੌਤ ਹੋ ਗਈ। ਇਹ ਮੰਨਿਆ ਜਾਂਦਾ ਹੈ ਕਿ ਰਿਕ ਐਲਨ ਪਹਾੜ ਦੇ ਦੱਖਣ-ਪੂਰਬੀ ਸਾਈਡ 'ਤੇ ਇੱਕ ਤੂਫਾਨ ਵਿੱਚ ਫਸ ਗਏ ਸਨ। ਸਕਾਟਲੈਂਡ ਦੇ ਐਬਰਡੀਨ ਵਿੱਚ ਜਨਮੇ ਰਿਕ ਐਲਨ (68) ਪਾਰਟਨਰ ਰਿਲੀਫ ਐਂਡ ਡਿਵੈਲਪਮੈਂਟ ਚੈਰਿਟੀ ਲਈ ਪੈਸਾ ਇਕੱਠਾ ਕਰਨ ਲਈ ਕੇ-2 'ਤੇ ਚੜ੍ਹ ਰਹੇ ਸਨ, ਜੋ ਇਸ ਸਮੇਂ ਮਿਆਂਮਾਰ ਵਿੱਚ ਉੱਜੜੇ ਸ਼ਰਨਾਰਥੀ ਬੱਚਿਆਂ ਦੀ ਸਿਹਤ ਅਤੇ ਵਿਦਿਅਕ ਜ਼ਰੂਰਤਾਂ ਲਈ ਕੰਮ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਕਥਿਤ IS ਅੱਤਵਾਦੀ ਬੀਬੀ ਸਮੇਤ 2 ਬੱਚੇ ਸਵੀਕਾਰ ਕਰਨ ਲਈ ਤਿਆਰ
ਇਸ ਚੈਰਿਟੀ ਨੇ ਜਾਣਕਾਰੀ ਦਿੱਤੀ ਕਿ ਐਲਨ ਪਾਰਟਨਰਜ਼ ਰਿਲੀਫ ਅਤੇ ਵਿਕਾਸ ਬੋਰਡ ਯੂਕੇ ਦੇ ਮੈਂਬਰ ਵੀ ਸਨ। ਐਲਨ ਦੇ ਦੋ ਸਾਥੀ ਜਿਹਨਾਂ ਵਿੱਚ ਸਪੇਨ ਤੋਂ ਜੋਰਡੀ ਟੋਸਾਸ ਅਤੇ ਆਸਟਰੀਆ ਤੋਂ ਸਟੀਫਨ ਕੇਕ ਸ਼ਾਮਲ ਸਨ ਪਰ ਉਹਨਾਂ ਨੂੰ ਬਿਨਾਂ ਕਿਸੇ ਸੱਟ ਫੇਟ ਤੋਂ ਬਚਾ ਲਿਆ ਗਿਆ। ਕੇ-2 ਪਰਬਤੀ ਚੋਟੀ ਦੀ ਉਚਾਈ 8,611 ਮੀਟਰ (28,251 ਫੁੱਟ) ਹੈ ਅਤੇ ਇਹ ਦੁਨੀਆ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ। ਇਸ ਚੋਟੀ 'ਤੇ ਚੜ੍ਹਨਾ ਸਭ ਤੋਂ ਚੁਣੌਤੀ ਭਰਿਆ ਅਤੇ ਖ਼ਤਰਨਾਕ ਮੰਨਿਆ ਜਾਂਦਾ ਹੈ। ਰਿਕ ਵਿਸ਼ਵ ਦੀਆਂ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਕਮਿਊਨਿਟੀਆਂ ਦੀ ਸੇਵਾ ਲਈ ਕੰਮ ਕਰ ਰਿਹਾ ਸੀ ਅਤੇ ਬੋਰਡ ਦੇ ਸਾਰੇ ਮੈਂਬਰਾਂ ਨੇ ਰਿਕ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।