ਸ਼ਕਾਟਿਸ਼ ਡਿਜ਼ਾਈਨਰ ਦੀ ਵੀਲ੍ਹਚੇਅਰ ਨੇ ਜਿੱਤਿਆ 1 ਮਿਲੀਅਨ ਡਾਲਰ ਦਾ ਇਨਾਮ
Friday, Dec 18, 2020 - 02:30 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਰੀਰਕ ਤੌਰ 'ਤੇ ਦਿਵਿਆਂਗ ਵਿਅਕਤੀਆਂ ਲਈ ਇੱਕ ਵ੍ਹੀਲਚੇਅਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਵ੍ਹੀਲਚੇਅਰ ਦੇ ਸੰਬੰਧ ਵਿੱਚ ਇੱਕ ਸਕਾਟਿਸ਼ ਡਿਜ਼ਾਈਨਰ ਨੇ ਨਿਵੇਕਲੀ ਸਮਾਰਟ ਵ੍ਹੀਲਚੇਅਰ ਦੇ ਨਿਰਮਾਣ ਲਈ 1 ਮਿਲੀਅਨ ਡਾਲਰ (753,000 ਪੌਂਡ) ਜਿੱਤੇ ਹਨ। ਐਂਡਰਿਊ ਸਲੋਰੇਂਸ, ਨਾਮ ਦਾ ਇਹ ਵਿਅਕਤੀ ਜੋ ਖੁਦ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ, ਨੇ ਟੋਯੋਟਾ ਦੁਆਰਾ ਸੰਚਾਲਿਤ ਗਲੋਬਲ ਮੋਬੀਲਿਟੀ ਅਨਲਿਮਟਿਡ ਦੀ ਸਾਲ 2017 ਵਿਚ ਸ਼ੁਰੂ ਹੋਈ ਪ੍ਰਤੀਯੋਗਤਾ ਜਿਸ ਵਿਚ 28 ਦੇਸ਼ਾਂ ਦੀਆਂ 80 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ ਸੀ, ਨੂੰ ਜਿੱਤਿਆ ਹੈ।
ਇਸ ਇਨਾਮੀ ਰਾਸ਼ੀ ਲਈ ਦਿਵਿਆਂਗ ਲੋਕਾਂ ਦੀ ਸਹੂਲਤ ਲਈ ਸਮਾਰਟ ਟੈਕਨਾਲੋਜੀ ਵ੍ਹੀਲਚੇਅਰ ਦੇ ਨਿਰਮਾਤਾਵਾਂ ਨੂੰ ਡਿਜ਼ਾਈਨ ਜਮ੍ਹਾਂ ਕਰਨ ਲਈ ਸੱਦਾ ਦਿੱਤਾ ਗਿਆ ਸੀ। ਫੀਨਿਕਸ ਵ੍ਹੀਲਚੇਅਰ ਸੰਸਥਾ ਦੇ ਮੁੱਖ ਕਾਰਜਕਾਰੀ ਸਲੋਰੇਂਸ ਜੋ ਖੁਦ ਦਰੱਖ਼ਤ ਤੋਂ ਡਿੱਗਣ ਨਾਲ ਆਪਣੀ ਰੀੜ੍ਹ ਦੀ ਹੱਡੀ ਦੇ ਜ਼ਖਮੀ ਹੋਣ ਦੇ ਬਾਅਦ 37 ਸਾਲ ਤੋਂ ਇਕ ਕੁਰਸੀ ਦੀ ਵਰਤੋਂ ਕਰ ਰਹੇ ਹਨ, ਨੇ ਇਸ ਸਮਾਰਟ ਕੁਰਸੀ ਦਾ ਡਿਜਾਈਨ ਤਿਆਰ ਕੀਤਾ ਜੋ ਕਿ ਸਮਾਰਟ ਸੈਂਸਰਾਂ ਦੀ ਵਰਤੋਂ ਕਰਨ ਨਾਲ ਇਸ ਨੂੰ ਵਰਤਣ ਵਾਲੇ ਦੇ ਅੱਗੇ ਜਾਂ ਪਿੱਛੇ ਵੱਲ ਝੁਕਣ ਅਤੇ ਡਿੱਗਣ ਨੂੰ ਰੋਕਣ ਦੇ ਯੋਗ ਹੈ।
ਫੀਨਿਕਸ ਇੰਸਟਨਿਕਟ ਦੇ ਪੰਜ ਮੈਂਬਰਾਂ ਦੀ ਟੀਮ ਨੇ ਇਸ ਜੇਤੂ ਡਿਜ਼ਾਇਨ ਨੂੰ ਪੂਰਾ ਕਰਨ ਲਈ ਇਕ 3D "ਪ੍ਰਿੰਟਿੰਗ" ਦੀ ਵਰਤੋਂ ਕਰਕੇ ਕਾਰਬਨ ਫਾਈਬਰ ਤੋਂ ਇੱਕ ਅਲਟਰਾ-ਲਾਈਟਵੇਟ ਵ੍ਹੀਲਚੇਅਰ ਤਿਆਰ ਕੀਤੀ ਸੀ।ਸਕਾਟਲੈਂਡ ਦੇ ਫੋਰੈਸ ਸਥਿਤ ਇਹ ਕੰਪਨੀ ਜਿੱਤੀ ਹੋਈ ਰਾਸ਼ੀ ਨੂੰ ਫੀਨਿਕਸ ਵ੍ਹੀਲਚੇਅਰ ਨੂੰ ਬਨਾਉਣ ਲਈ ਵਰਤੋਂ ਵਿੱਚ ਲਿਆਵੇਗਾ ਅਤੇ ਇਸਦਾ ਉਦੇਸ਼ 4,000 ਤੋਂ 5,000 ਪੌਂਡ ਦੀ ਕੀਮਤ ਵਿਚ ਲੱਗਭਗ ਦੋ ਸਾਲਾਂ ਦੇ ਅੰਦਰ ਬਾਜ਼ਾਰ ਵਿੱਚ ਉਪਲੱਬਧ ਕਰਵਾਉਣਾ ਹੈ।