ਆਸਟ੍ਰੇਲੀਆ ਪਹੁੰਚੀਆਂ ਫਾਈਜ਼ਰ ਟੀਕੇ ਦੀਆਂ 10 ਮਿਲੀਅਨ ਵਾਧੂ ਖੁਰਾਕਾਂ, ਪੀ.ਐੱਮ. ਨੇ ਕਹੀ ਇਹ ਗੱਲ
Thursday, Feb 04, 2021 - 06:01 PM (IST)
ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੇ ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀਆਂ 10 ਮਿਲੀਅਨ ਵਧੇਰੇ ਖੁਰਾਕਾਂ ਪ੍ਰਾਪਤ ਕੀਤੀਆਂ ਹਨ।ਇਸ ਮਗਰੋਂ ਵਾਧੂ ਖੁਰਾਕਾਂ ਨਾਲ ਦੇਸ਼ ਵਿਚ ਟੀਕਿਆਂ ਦੀ ਗਿਣਤੀ 150 ਮਿਲੀਅਨ ਤੱਕ ਪਹੁੰਚ ਗਈ ਹੈ। ਮੌਰੀਸਨ ਨੇ ਸੰਕੇਤ ਦਿੱਤਾ ਕਿ ਵਾਧੂ ਖੁਰਾਕਾਂ ਦੀ ਵਰਤੋਂ ਨੇੜਲੇ ਪ੍ਰਸ਼ਾਂਤ ਟਾਪੂਆਂ ਦੇ ਵਸਨੀਕਾਂ ਨੂੰ ਟੀਕਾ ਲਗਾਉਣ ਵਿਚ ਕੀਤੀ ਜਾਵੇਗੀ।
ਮੌਰੀਸਨ ਨੇ ਕਹੀ ਇਹ ਗੱਲ
ਮੌਰੀਸਨ ਨੇ ਕਿਹਾ ਕਿ ਅਸੀਂ ਅਜੇ ਇਸ ਮਹੀਨੇ ਦੇ ਅਖੀਰ ਵਿਚ ਟੀਕਾਕਰਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਹਨਾਂ ਮੁਤਾਬਕ,"ਇਹ ਸਾਨੂੰ ਬਹੁਤ ਚੰਗੀ ਸਥਿਤੀ ਵਿਚ ਰੱਖਦਾ ਹੈ, ਖ਼ਾਸਕਰ ਕੇ ਸਾਡੀ ਸੁਤੰਤਰ ਟੀਕਾ ਉਤਪਾਦਨ ਸਮਰੱਥਾ ਦੇ ਨਾਲ। ਅਸੀਂ ਬਹੁਤ ਸਾਰੇ ਦੇਸ਼ਾਂ ਤੋਂ ਅੱਗੇ ਹਾਂ, ਖਾਸ ਕਰ ਕੇ ਨਿਊਜ਼ੀਲੈਂਡ ਤੋਂ ਜਿੱਥੇ ਅਪ੍ਰੈਲ ਤਕ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ।
ਮੁਫਤ ਲਗਾਏ ਜਾਣਗੇ ਟੀਕੇ
ਜਾਣਕਾਰੀ ਮੁਤਾਬਕ, ਆਸਟ੍ਰੇਲੀਆ ਦੀਆਂ 150 ਮਿਲੀਅਨ ਟੀਕਾ ਖੁਰਾਕਾਂ ਵਿਚ 20 ਮਿਲੀਅਨ ਫਾਈਜ਼ਰ ਟੀਕੇ ਸ਼ਾਮਲ ਹਨ। ਇਸ ਦੇ ਇਲਾਵਾ ਆਕਸਫੋਰਡ-ਐਸਟਰਾਜ਼ੇਨੇਕਾ ਟੀਕਾ ਦੀਆਂ 53.8 ਮਿਲੀਅਨ ਤੋਂ ਵੱਧ ਖੁਰਾਕਾਂ, ਨੋਵਾਵੈਕਸ ਟੀਕਾ ਦੀਆਂ 51 ਮਿਲੀਅਨ ਅਤੇ ਕੋਵੈਕਸ ਅੰਤਰਰਾਸ਼ਟਰੀ ਸਹੂਲਤ ਸਮਝੌਤੇ ਤਹਿਤ 25.5 ਮਿਲੀਅਨ ਯੂਨਿਟ ਸ਼ਾਮਲ ਹਨ।ਸਿਹਤ ਮੰਤਰੀ ਗ੍ਰੇਗ ਹੰਟ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਦੀ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਇਮੀਗ੍ਰੇਸ਼ਨ ਦੀ ਸਥਿਤੀ ਦੀ ਪਰਵਾਹ ਕੀਤੇ ਟੀਕਾ ਮੁਫਤ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਫੁੱਟਬਾਲ ਖਿਡਾਰੀ ਵੱਲੋਂ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ
ਪ੍ਰਵਾਸੀ ਲੋਕਾਂ ਨੂੰ ਵੀ ਲਗਾਏ ਜਾਣਗੇ ਟੀਕੇ
ਹੰਟ ਨੇ ਕਿਹਾ,“ਸਰਕਾਰ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਅਸੀਂ ਆਸਟ੍ਰੇਲੀਆ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਕਵਰੇਜ ਪ੍ਰਾਪਤ ਕਰਨ ਲਈ ਟੀਕੇ ਪੇਸ਼ ਕਰਾਂਗੇ। ਇਸ ਦਾ ਅਰਥ ਹੈ ਕਿ ਸਰਕਾਰ ਆਸਟ੍ਰੇਲੀਆ ਵਿਚ ਸਾਰੇ ਵੀਜ਼ਾ ਧਾਰਕਾਂ ਨੂੰ ਕੋਵਿਡ-19 ਟੀਕੇ ਮੁਫਤ ਮੁਹੱਈਆ ਕਰਵਾਏਗੀ। ਇਸ ਵਿਚ ਸ਼ਰਨਾਰਥੀ, ਪਨਾਹ ਮੰਗਣ ਵਾਲੇ, ਅਸਥਾਈ ਸੁਰੱਖਿਆ ਵੀਜ਼ਾ ਧਾਰਕ ਅਤੇ ਵੀਜ਼ਾ ਮਿਆਦ ਖਤਮ ਹੋ ਚੁੱਕੇ ਲੋਕ ਵੀ ਸ਼ਾਮਲ ਹੋਣਗੇ। ਇਸ ਸਮੇਂ ਨਜ਼ਰਬੰਦੀ ਸਹੂਲਤਾਂ ਵਿਚ ਰਹਿੰਦੇ ਲੋਕ ਵੀ ਯੋਗ ਹੋਣਗੇ, ਜਿਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।"
ਟੀਕੇ ਦੀ ਚੋਣ ਕਰਨ ਦਾ ਵਿਕਲਪ ਨਹੀਂ
ਫੈਡਰਲ ਹੈਲਥ ਵਿਭਾਗ ਦੇ ਸੈਕਟਰੀ, ਪ੍ਰੋਫੈਸਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਆਸਟ੍ਰੇਲੀਆਈ ਆਮ ਤੌਰ 'ਤੇ ਇਹ ਨਹੀਂ ਚੁਣ ਸਕਣਗੇ ਕਿ ਜਦੋਂ ਉਹ ਟੀਕਾ ਲਗਵਾਉਣ ਜਾਂਦੇ ਹਨ ਤਾਂ ਉਹਨਾਂ ਨੂੰ ਕਿਹੜਾ ਕੋਵਿਡ ਟੀਕਾ ਲਗਾਇਆ ਜਾਣਾ ਹੈ। ਟੀਕਿਆਂ ਦਾ ਸ਼ੁਰੂਆਤੀ ਰੋਲ ਫਾਈਜ਼ਰ ਤੋਂ ਹੋਵੇਗਾ, ਜਦੋਂ ਕਿ ਜੀਪੀ, ਫਾਰਮੇਸੀਆਂ ਅਤੇ ਹੋਰ ਕਲੀਨਿਕਾਂ ਰਾਹੀਂ ਮੁੱਖ ਟੀਕਾਕਰਨ ਐਸਟ੍ਰਾਜ਼ੇਨੇਕਾ ਟੀਕਾ ਹੋਵੇਗਾ।ਮੁੱਖ ਤੌਰ 'ਤੇ, ਇੱਥੇ ਕੋਈ ਵਿਕਲਪ ਨਹੀਂ ਹੋਵੇਗਾ ਅਤੇ ਮੈਂ ਸੋਚਦਾ ਹਾਂ ਕਿ ਦੋਵੇਂ ਟੀਕੇ ਬਹੁਤ ਵਧੀਆ ਹਨ ਅਤੇ ਮੈਂ ਉਨ੍ਹਾਂ ਵਿਚੋਂ ਕਿਸੇ ਵੀ ਲਗਵਾ ਕੇ ਬਹੁਤ ਖੁਸ਼ ਹਾਂ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।