ਆਸਟ੍ਰੇਲੀਆ ਨੇ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਦਿੱਤੀ ਮਨਜ਼ੂਰੀ
Monday, Jan 25, 2021 - 06:01 PM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਮੈਡੀਕਲ ਰੈਗੁਲੇਟਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਨਾਲ ਅਗਲੇ ਮਹੀਨੇ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦਾ ਰਸਤਾ ਖੁੱਲ੍ਹ ਗਿਆ ਹੈ। 'ਦੀ ਥੈਰਾਪੇਟਿਕ ਗੁਡਸ ਐਡਮਿਨਿਸਟ੍ਰੇਸ਼ਨ' ਨੇ 16 ਸਾਲ ਅਤੇ ਉਸ ਨਾਲੋਂ ਵੱਧ ਉਮਰ ਦੇ ਲੋਕਾਂ ਲਈ ਫਾਈਜ਼ਰ ਅਤੇ ਬਾਇਓਨਟੈਕ ਵੱਲੋਂ ਵਿਕਸਿਤ ਟੀਕੇ ਦੀ ਵਰਤੋਂ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਰੈਗੁਲੇਟਰ ਨੇ ਕਿਹਾ ਕਿ ਟੀਕਾਕਰਨ ਵਿਚ ਬਜ਼ੁਰਗ ਦੇਖਭਾਲ ਘਰਾਂ ਵਿਚ ਰਹਿਣ ਵਾਲਿਆਂ ਅਤੇ ਉੱਥੋਂ ਦੇ ਕਰਮੀਆਂ, ਫਰੰਟ ਮੋਰਚੇ 'ਤੇ ਕੰਮ ਕਰਨ ਵਾਲੇ ਸਿਹਤ ਕਰਮੀਆਂ ਅਤੇ ਇਕਾਂਤਵਾਸ ਵਿਚ ਕੰਮ ਕਰ ਰਹੇ ਕਰਮੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟੀਕੇ ਨੂੰ ਮਨਜ਼ੂਰੀ ਦੇਣ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਹਨਾਂ ਨੇ ਟੀਕਾਕਰਨ ਲਈ ਐਮਰਜੈਂਸੀ ਮਨਜ਼ੂਰੀ ਦੇਣ ਦੀ ਬਜਾਏ ਵਿਆਪਕ ਅਤੇ ਡੂੰਘੀ ਪ੍ਰਕਿਰਿਆ ਦੇ ਬਾਅਦ ਟੀਕੇ ਦੀ ਵਰਤੋਂ ਨੂੰ ਰਸਮੀ ਮਨਜ਼ੂਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਅਕਤੂਬਰ ਤੱਕ ਟੀਕਾਕਰਨ ਪੂਰਾ ਕਰਨ ਦਾ ਟੀਚਾ ਹੈ। ਇੱਥੋਂ ਦੀ ਆਬਾਦੀ 2.6 ਕਰੋੜ ਹੈ। ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ 30,000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 909 ਲੋਕਾਂ ਦੀ ਮੌਤ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।