ਸਕਾਟਲੈਂਡ : "ਮਾਤਾ ਧਰਤਿ" ਮੁਹਿੰਮ ਤਹਿਤ ਏਅਰ ਬੀਚ 'ਤੇ ਕੀਤੇ ਗਏ ਸਫ਼ਾਈ ਕਾਰਜ

Tuesday, Dec 06, 2022 - 03:04 AM (IST)

ਸਕਾਟਲੈਂਡ : "ਮਾਤਾ ਧਰਤਿ" ਮੁਹਿੰਮ ਤਹਿਤ ਏਅਰ ਬੀਚ 'ਤੇ ਕੀਤੇ ਗਏ ਸਫ਼ਾਈ ਕਾਰਜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਾਡੇ ਗੁਰੂ ਸਾਹਿਬਾਨਾਂ ਨੇ ਵੀ ਧਰਤੀ ਨੂੰ ਮਾਤਾ ਕਹਿ ਕੇ ਸਤਿਕਾਰ ਦਿੱਤਾ ਹੈ। ਅਸੀਂ ਗੁਰੂਆਂ ਨੂੰ ਤਾਂ ਮੰਨਦੇ ਹਾਂ ਪਰ ਗੁਰੂਆਂ ਦੀ ਗੱਲ ਨਹੀਂ ਮੰਨਦੇ। ਹਰ ਜਾਗਰੂਕ ਇਨਸਾਨ (ਚਾਹੇ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ) ਜਾਣਦਾ ਹੈ ਕਿ ਧਰਤੀ 'ਤੇ ਪਾਇਆ ਜਾਣ ਵਾਲਾ ਗੰਦ ਸਾਡੇ ਆਪਣੇ ਜੀਵਨ ਲਈ ਹੀ ਘਾਤਕ ਹੋ ਨਿੱਬੜੇਗਾ। ਇਸ ਅਟੱਲ ਸੱਚਾਈ ਨੂੰ ਹਰ ਕੋਈ ਅਣਗੌਲਿਆ ਕਰਦਾ ਹੈ। ਸਮਾਜ ਵਿੱਚ ਧਰਤੀ ਦੀ ਸਫਾਈ ਅਤੇ ਵਾਤਾਵਰਣ ਸੁਰੱਖਿਆ ਸੰਬੰਧੀ ਜਾਗਰੂਕਤਾ ਦੇ ਮਨਸ਼ੇ ਤਹਿਤ "ਮਾਤਾ ਧਰਤਿ" ਨਾਮ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸ ਮੁਹਿੰਮ ਦੇ ਸ਼ੁਰੂਆਤੀ ਕਾਰਜਾਂ ਨੂੰ ਭਾਈਚਾਰੇ ਦੇ ਲੋਕਾਂ, ਸੰਸਥਾਵਾਂ ਵੱਲੋਂ ਬੇਹੱਦ ਸਰਾਹਿਆ ਗਿਆ।

PunjabKesari

ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਧਰਤੀ ਮਾਤਾ ਲੇਖੇ ਲਾਉਣ ਲਈ ਸ਼ਾਇਰ ਲਾਭ ਗਿੱਲ ਦੋਦਾ, ਪਰਮਿੰਦਰ ਬਮਰਾਹ ਧੱਲੇਕੇ, ਨਛੱਤਰ ਜੰਡੂ ਦੋਦਾ, ਬਲਜਿੰਦਰ ਸਿੰਘ ਗਾਖਲ, ਵਰਿੰਦਰ ਸਿੰਘ ਖੁਰਮੀ, ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਹਰ ਪੰਦਰਾਂ ਦਿਨਾਂ ਬਾਅਦ ਵੱਖ ਵੱਖ ਕਸਬਿਆਂ ਸ਼ਹਿਰਾਂ ਵਿੱਚ ਸਫਾਈ ਕਾਰਜ ਕਰਨ ਨੂੰ ਅੰਜਾਮ ਦੇਣ ਦੀ ਵਿਉਂਤ ਬਣਾਈ ਹੋਈ ਹੈ। ਡਨੂੰਨ ਦੀਆਂ ਵਾਦੀਆਂ ਤੋਂ ਬਾਅਦ "ਕੀਪ ਸਕਾਟਲੈਂਡ ਬਿਊਟੀਫੁੱਲ" ਕੋਲੋਂ ਸੀਸਾਈਡ ਐਵਾਰਡ ਪ੍ਰਾਪਤ ਸਕਾਟਲੈਂਡ ਦੀ ਸਰਵੋਤਮ ਬੀਚ "ਏਅਰ ਬੀਚ" ਦਾ ਦੌਰਾ ਕਰਨ ਦਾ ਇਰਾਦਾ ਕੀਤਾ ਗਿਆ। ਹੌਰੀਜਨ ਹੋਟਲ ਦੇ ਮਾਲਕ ਜਸਵਿੰਦਰ ਕੁਮਾਰ ਦੇ ਸੱਦੇ 'ਤੇ ਪਹੁੰਚੀ ਟੀਮ ਦਾ ਜਸਵਿੰਦਰ ਕੁਮਾਰ, ਸੁਮਿਤ ਸ਼ਰਮਾ ਅਤੇ ਸਟਾਫ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ : Exit Polls : ਗੁਜਰਾਤ 'ਚ ਸੱਤਵੀਂ ਵਾਰ ਭਾਜਪਾ ਦੀ ਵਾਪਸੀ, ਕਾਂਗਰਸ ਤੇ 'ਆਪ' ਦਾ ਇਹ ਹਾਲ

ਚਾਹ ਪਾਣੀ ਦੀ ਸੇਵਾ ਉਪਰੰਤ ਜਸਵਿੰਦਰ ਕੁਮਾਰ, ਸੁਮਿਤ ਸ਼ਰਮਾ ਵੱਲੋਂ ਸਾਥ ਦਿੰਦਿਆਂ ਖੁਦ ਵੀ ਸਫਾਈ ਕਾਰਜ ਵਿੱਚ ਹਿੱਸਾ ਲਿਆ। "ਮਾਤਾ ਧਰਤਿ" ਟੀਮ ਵੱਲੋਂ ਕੀਤੇ ਜਾ ਰਹੇ ਇਹਨਾਂ ਕਾਰਜਾਂ ਦੀ ਸਥਾਨਕ ਵਸਨੀਕਾਂ, ਰਾਹਗੀਰਾਂ ਅਤੇ ਬੀਚ 'ਤੇ ਸੈਰ ਕਰਦੇ ਲੋਕਾਂ ਵੱਲੋਂ ਵੀ ਭਰਪੂਰ ਸਰਾਹਨਾ ਕੀਤੀ ਗਈ। ਜਸਵਿੰਦਰ ਕੁਮਾਰ ਨੇ ਕਿਹਾ ਕਿ ਸਕਾਟਲੈਂਡ ਦੇ ਉੱਦਮੀ ਨੌਜਵਾਨਾਂ ਦੇ ਇਸ ਨਿਵੇਕਲੇ ਉੱਦਮ ਨੇ ਉਹਨਾਂ ਨੂੰ ਵੀ ਅਹਿਸਾਸ ਕਰਵਾਇਆ ਹੈ ਕਿ ਮੈਂ ਹਰ ਰੋਜ ਕੁਝ ਸਮਾਂ ਇਸ ਮਹਾਨ ਕਾਰਜ ਲੇਖੇ ਲਾਵਾਂ। ਸਕਾਟਲੈਂਡ ਦੀ ਧਰਤੀ 'ਤੇ ਵਾਕਿਆ ਹੀ ਇਹ ਕਾਰਜ ਮਾਣਮੱਤਾ ਹੋ ਨਿੱਬੜੇਗਾ।" ਸ਼ਾਇਰ ਲਾਭ ਗਿੱਲ ਦੋਦਾ ਦਾ ਕਹਿਣਾ ਸੀ ਕਿ "ਹਰ ਵਾਰ ਨਵੀਂ ਜਗ੍ਹਾ 'ਤੇ ਜਾ ਕੇ ਕੀਤੇ ਸਫਾਈ ਕਾਰਜਾਂ ਰਾਹੀਂ ਬਾਹਰੀ ਸੰਸਾਰ ਕੋਲ ਸਕਾਟਲੈਂਡ ਦੀ ਖੂਬਸੂਰਤੀ ਵੀ ਪਹੁੰਚੇਗੀ ਅਤੇ ਇੱਕ ਨਰੋਆ ਸੁਨੇਹਾ ਵੀ ਪਹੁੰਚੇਗਾ।

PunjabKesari

ਇਹਨਾਂ ਕਾਰਜਾਂ ਵਿੱਚ ਸ਼ਾਮਲ ਦੋਸਤਾਂ ਲਈ ਵੀ ਬਹਾਨੇ ਨਾਲ ਸੈਰ ਸਪਾਟੇ ਲਈ ਸਮਾਂ ਨਿੱਕਲਦਾ ਹੈ। ਉਹਨਾਂ ਕਿਹਾ ਕਿ ਮਹਿਜ ਦੂਜੇ ਪੜਾਅ ਵਿੱਚ ਹੀ ਟੀਮ ਦੀ ਗਿਣਤੀ ਪੰਜ ਤੋਂ ਦਸ ਤੱਕ ਅੱਪੜ ਗਈ, ਨਿਰਸੰਦੇਹ ਇੱਕ ਵੱਡਾ ਕਾਫਲਾ ਬਣੇਗਾ।" ਸਮਾਪਤੀ 'ਤੇ ਜਿੱਥੇ ਹੌਰੀਜਨ ਹੋਟਲ ਟੀਮ ਵੱਲੋਂ ਦੁਪਹਿਰ ਦੇ ਖਾਣੇ ਦੀ ਦਾਅਵਤ ਵੀ ਦਿੱਤੀ ਗਈ ਉੱਥੇ ਕਾਰੋਬਾਰੀ ਹਰਦਰਸ਼ਨ ਸਿੰਘ ਸੰਘਾ ਵੱਲੋਂ ਆਏ ਸਭਨਾਂ ਦਾ ਧੰਨਵਾਦ ਕੀਤਾ। "ਮਾਤਾ ਧਰਤਿ" ਟੀਮ ਵੱਲੋਂ ਜਸਵਿੰਦਰ ਕੁਮਾਰ ਤੇ ਸੁਮਿਤ ਸ਼ਰਮਾ ਵੱਲੋਂ ਕੀਤੀ ਮਹਿਮਾਨਨਿਵਾਜ਼ੀ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ : HP Exits polls : ਭਾਜਪਾ ਤੇ ਕਾਂਗਰਸ 'ਚ ਜ਼ਬਰਦਸਤ ਟੱਕਰ, ਜਾਣੋ ਕਿਸ ਦੀ ਬਣੇਗੀ ਸਰਕਾਰ?


author

Mandeep Singh

Content Editor

Related News