ਸਕਾਟਲੈਂਡ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ, ਅਰਥਵਿਵਵਸਥਾ ''ਚ ਲਗਭਗ 5 ਬਿਲੀਅਨ ਪੌਂਡ ਦਾ ਵਾਧਾ
Friday, May 19, 2023 - 04:32 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਪਸੰਦੀਦਾ ਸਥਾਨਾਂ ਵਿੱਚ ਸਕਾਟਲੈਂਡ ਦਾ ਨਾਂ ਵੀ ਸ਼ੁਮਾਰ ਹੋਇਆ ਹੈ। ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਪਹਿਲੇ ਸਾਲ ਦੇ ਇੱਕ ਤਿਹਾਈ ਤੋਂ ਵੱਧ ਅੰਡਰਗਰੈਜੂਏਟ ਵਿਦੇਸ਼ਾਂ ਤੋਂ ਹਨ। ਇੱਕ ਅਧਿਐਨ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰਨ ਆਉਣ ਦੇ ਨਾਲ-ਨਾਲ ਅਰਥਵਿਵਸਥਾ ਲਈ ਬਿਲੀਅਨਾਂ ਪੌਂਡ ਲਿਆ ਰਹੇ ਹਨ। 2021-22 ਅਕਾਦਮਿਕ ਸਾਲ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਅਥਾਹ ਵਾਧਾ ਹੋਇਆ ਹੈ। ਗਲਾਸਗੋ, ਐਡਿਨਬਰਾ, ਐਬਰਡੀਨ ਅਤੇ ਡੰਡੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਸਕਾਟਿਸ਼ ਅਰਥਵਿਵਸਥਾ ਵਿੱਚ £4.75 (ਪੌਣੇ ਪੰਜ) ਬਿਲੀਅਨ ਪੌਂਡ ਦਾ ਵਾਧਾ ਹੋਇਆ ਹੈ।
ਯੂਨੀਵਰਸਿਟੀਜ਼ ਯੂਕੇ ਇੰਟਰਨੈਸ਼ਨਲ, ਹਾਇਰ ਐਜੂਕੇਸ਼ਨ ਪਾਲਿਸੀ ਇੰਸਟੀਚਿਊਟ ਅਤੇ ਕੈਪਲਨ ਇੰਟਰਨੈਸ਼ਨਲ ਦੁਆਰਾ ਲੰਡਨ ਇਕਨਾਮਿਕਸ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਅਕਾਦਮਿਕ ਸਾਲ ਵਿੱਚ ਸਕਾਟਲੈਂਡ ਵਿੱਚ 44,085 ਪਹਿਲੇ ਸਾਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਸਦਾ ਮਤਲਬ ਹੈ ਕਿ 2021-22 ਦੇ ਦਾਖਲੇ ਵਿੱਚੋਂ 34 ਫੀਸਦੀ ਵਿਦੇਸ਼ੀ ਵਿਦਿਆਰਥੀ ਸਨ। ਜਦਕਿ 2018-19 ਦੇ ਸਾਲ ਦੌਰਾਨ ਇਹ ਅੰਕੜਾ 29730 ਸੀ। ਯੂਕੇ ਦੀ ਔਸਤ 2021-22 ਵਿੱਚ ਵਿਦੇਸ਼ਾਂ ਤੋਂ ਆਏ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ 30 ਪ੍ਰਤੀਸ਼ਤ ਹੈ, ਪਰ ਲੰਡਨ ਵਿੱਚ ਇਹ 40 ਪ੍ਰਤੀਸ਼ਤ ਸੀ ਅਤੇ ਉੱਤਰੀ ਆਇਰਲੈਂਡ ਵਿੱਚ 36 ਪ੍ਰਤੀਸ਼ਤ ਨਵੇਂ ਅੰਡਰਗਰੈਜੂਏਟ ਅੰਤਰਰਾਸ਼ਟਰੀ ਸਨ।
ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਆਈਸਕ੍ਰੀਮ', ਕੀਮਤ ਕਰ ਦੇਵੇਗੀ ਹੈਰਾਨ
89 ਸਫਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸਕਾਟਲੈਂਡ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਨੁਪਾਤ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਵੀ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਜ਼ਰੀਏ ਘਰੇਲੂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਹੋਰ ਵਧੇਰੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਸੀਲੇ ਪੈਦਾ ਹੋਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਕੇ ਦੇ 59 ਸੰਸਦੀ ਹਲਕਿਆਂ ਵਿੱਚੋਂ ਹਰ ਇੱਕ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਾਰਨ £71 ਮਿਲੀਅਨ ਪੌਂਡ ਜਾਂ ਪ੍ਰਤੀ ਵਿਦਿਆਰਥੀ ਲਗਭਗ £750 ਪੌਂਡ ਦਾ ਫ਼ਾਇਦਾ ਹੋਇਆ ਹੈ। ਰਿਪੋਰਟ ਵਿੱਚ ਸਕਾਟਲੈਂਡ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਗਲਾਸਗੋ ਸੈਂਟਰਲ, ਐਡਿਨਬਰਾ ਈਸਟ, ਏਬਰਡੀਨ ਉੱਤਰੀ, ਗਲਾਸਗੋ ਉੱਤਰੀ ਅਤੇ ਡੰਡੀ ਵੈਸਟ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਸਭ ਤੋਂ ਵੱਡਾ ਵਿੱਤੀ ਯੋਗਦਾਨ ਪਾ ਰਹੇ ਹਨ।
ਇਕੱਲੇ ਗਲਾਸਗੋ ਸੈਂਟਰਲ ਦੀ ਗੱਲ ਕਰੀਏ ਤਾਂ 2021-22 ਦੇ ਪੜ੍ਹਨ ਆਏ ਗਰੁੱਪ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਤੀ ਲਾਭ ਨੇ ਲਗਭਗ £292 ਮਿਲੀਅਨ ਪੌਂਡ ਦਾ ਯੋਗਦਾਨ ਪਾਇਆ ਹੈ। ਇਹ ਰਾਸ਼ੀ ਇਸ ਖੇਤਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਵੱਲੋਂ ਔਸਤਨ ਪਾਏ ਜਾਣ ਵਾਲੇ £2,720 ਦੇ ਯੋਗਦਾਨ ਦੇ ਬਰਾਬਰ ਹੈ। ਰਿਪੋਰਟ ਦੇ ਲੇਖਕਾਂ ਨੇ ਕਿਹਾ ਕਿ ਹਰ ਨੌ ਯੂਰਪੀ ਸੰਘ ਵਿਦਿਆਰਥੀ ਅਤੇ ਹਰ 11 ਗੈਰ ਯੂਰਪੀਅਨ ਵਿਦਿਆਰਥੀਆਂ ਨੇ ਆਪਣੇ ਕੋਰਸਾਂ ਦੀ ਮਿਆਦ ਦੌਰਾਨ ਯੂਕੇ ਦੀ ਆਰਥਿਕਤਾ ਲਈ £1 ਮਿਲੀਅਨ ਪੌਂਡ ਦਾ ਸ਼ੁੱਧ ਆਰਥਿਕ ਯੋਗਦਾਨ ਪਾਇਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਸਿਰੋਂ ਆਰਥਿਕ ਵਿਕਾਸ ਦਰ ਦਾ ਉੱਪਰ ਵੱਲ ਜਾਣਾ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਸੱਦਣ ਵਾਲੇ ਮੁਲਕ ਸਿਰਫ ਫੀਸਾਂ, ਰਿਹਾਇਸ਼ ਜਾਂ ਖਾਣ ਪੀਣ ਦੀਆਂ ਵਸਤਾਂ ਜਰੀਏ ਹੀ ਉਹਨਾਂ ਦੀਆਂ ਜੇਬਾਂ 'ਚੋਂ ਮਾਇਆ ਨਹੀਂ ਕਢਵਾਉਂਦੇ, ਬਲਕਿ ਉਮਰ ਭਰ ਲਈ ਆਪਣੇ ਕਾਮੇ ਪੈਦਾ ਵੀ ਕਰਦੇ ਹਨ। ਬਹੁਤ ਥੋੜ੍ਹੇ ਵਿਦਿਆਰਥੀ ਹੁੰਦੇ ਹਨ ਜੋ ਵਾਪਸ ਆਪਣੇ ਮੁਲਕਾਂ ਨੂੰ ਪਰਤਦੇ ਹਨ, ਨਹੀਂ ਤਾਂ ਜ਼ਿਆਦਾਤਰ ਵਿਦਿਆਰਥੀ ਉਹਨਾਂ ਮੁਲਕਾਂ ਵਿੱਚ ਹੀ ਨੌਕਰੀਆਂ ਲੱਭ ਕੇ ਰਹਿਣ ਨੂੰ ਤਰਜੀਹ ਦਿੰਦੇ ਹਨ। ਨੌਕਰੀਆਂ 'ਤੇ ਲੱਗੇ ਸਿੱਖਿਅਤ ਕਾਮੇ (ਜੋ ਵਿਦਿਆਰਥੀ ਬਣ ਕੇ ਆਏ ਸਨ) ਰਿਟਾਇਰਮੈਂਟ ਤੱਕ ਕਮਾਊ ਨਾਗਰਿਕ ਬਣ ਕੇ ਟੈਕਸ ਰਾਹੀਂ ਉਸੇ ਮੁਲਕ ਦੀ ਅਰਥ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਲੱਗੇ ਰਹਿੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।