ਯੂ.ਕੇ- ਸਕਾਟਲੈਂਡ ''ਚ ਰੇਲ ਹਾਦਸੇ ''ਚ ਡਰਾਈਵਰ ਸਮੇਤ 3 ਦੀ ਮੌਤ
Friday, Aug 14, 2020 - 02:06 PM (IST)

ਲੰਡਨ (ਰਾਜਵੀਰ ਸਮਰਾ)- ਸਕਾਟਲੈਂਡ ਦੇ ਉੱਤਰ 'ਚ ਪੈਂਦੇ ਸ਼ਹਿਰ ਐਬਰਡੀਨ ਤੋਂ ਇਕ ਯਾਤਰੀ ਰੇਲ ਗੱਡੀ ਗਲਾਸਗੋ ਲਈ ਰਵਾਨਾ ਹੋਈ। ਪਰ ਐਬਰਡੀਨ ਤੋਂ ਚੱਲਣ ਤੋਂ ਬਾਅਦ ਕੁਝ ਮਿੰਟਾਂ 'ਚ ਹੀ ਪਹਿਲੇ ਸਟਾਪ ਸਟੋਨਹੈਵਨ ਦੇ ਲਾਗੇ ਰੇਲ ਗੱਡੀ ਦੇ ਚਾਰ ਡੱਬਿਆਂ ਵਿਚੋਂ ਤਿੰਨ ਡੱਬੇ ਪਟੜੀ ਤੋਂ ਉੱਤਰ ਗਏ। ਜਿਸ ਨਾਲ ਪਹਿਲੇ ਡੱਬੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਮੀਲਾਂ ਤੋਂ ਦੇਖੀਆਂ ਜਾ ਸਕਦੀਆਂ ਸਨ।
ਇਸ ਹਾਦਸੇ ਵਿਚ ਰੇਲ ਗੱਡੀ ਦੇ ਡਰਾਈਵਰ ਤੇ ਕੰਡਕਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਹ ਸਾਰੇ ਹਸਪਤਾਲ 'ਚ ਜੇਰੇ ਇਲਾਜ ਹਨ। ਦੁਰਘਟਨਾ ਦੀ ਜਗ੍ਹਾ 'ਤੇ ਪੁਲਿਸ, ਐਂਬੂਲੈਂਸ ਤੇ ਅੱਗ ਬੁਝਾਊ ਦਸਤੇ ਦੀਆਂ 30 ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ।