ਸਕਾਟਲੈਂਡ : ਸਕਾਟਰੇਲ ਨੇ ਦੇਰੀ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਲਈ ਯਾਤਰੀਆਂ ਨੂੰ ਕੀਤਾ 4 ਲੱਖ ਪੌਂਡ ਦਾ ਭੁਗਤਾਨ
Sunday, Nov 06, 2022 - 10:00 PM (IST)
 
            
            ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੀ ਪ੍ਰਮੁੱਖ ਰੇਲ ਸੇਵਾ ਸਕਾਟਰੇਲ ਨੇ 7 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ 400,000 ਪੌਂਡ ਤੋਂ ਵੱਧ ਦੀ ਰਕਮ ਮੁਸਾਫਿਰਾਂ ਨੂੰ ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਲਈ ਮੁਆਵਜ਼ੇ ਵਜੋਂ ਦਿੱਤੀ ਹੈ। ਇਹ ਵੱਡੀ ਰਕਮ 1 ਅਪ੍ਰੈਲ ਨੂੰ ਰੇਲ ਸੇਵਾ ਦੇ ਰਾਸ਼ਟਰੀਕਰਨ ਤੋਂ ਬਾਅਦ ਦਿੱਤੀ ਗਈ ਹੈ। ਸਕਾਟਰੇਲ ਉਨ੍ਹਾਂ ਯਾਤਰੀਆਂ ਨੂੰ ਰਿਫੰਡ ਕਰਦਾ ਹੈ, ਜਿਨ੍ਹਾਂ ਦੀਆਂ ਰੇਲਗੱਡੀਆਂ ਘੱਟੋ-ਘੱਟ 30 ਮਿੰਟ ਰੁਕੀਆਂ ਜਾਂ ਲੇਟ ਰਹਿੰਦੀਆਂ ਹਨ ਅਤੇ ਜੋ ਫਿਰ ਆਪਣਾ ਅਗਲਾ ਰੇਲ ਕੁਨੈਕਸ਼ਨ ਗੁਆ ਬੈਠਦੇ ਹਨ।
ਸਕਾਟਿਸ਼ ਲਿਬ ਡੈਮ ਐੱਮ. ਐੱਸ. ਪੀ. ਜਿਲ ਰੀਲੀ ਨੇ ਜਾਣਕਾਰੀ ਦਿੱਤੀ ਕਿ ਅਕਤੂਬਰ ਦੇ ਅੱਧ ਤੱਕ ਦਾ 406,686.40 ਪੌਂਡ ਦਾ ਬਿੱਲ ਫਰੀਡਮ ਆਫ ਇਨਫਾਰਮੇਸ਼ਨ ਦੇ ਕਾਨੂੰਨਾਂ ਤਹਿਤ ਦੇਖਿਆ ਗਿਆ ਹੈ ਅਤੇ ਹੋ ਸਕਦਾ ਹੈ ਕਿ ਹਜ਼ਾਰਾਂ ਹੋਰ ਵੀ ਹੋਣ, ਜਿਨ੍ਹਾਂ ਨੇ ਦਾਅਵਾ ਨਹੀਂ ਕੀਤਾ ਹੈ। ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟ੍ਰਜਨ ਰੇਲ ਸੇਵਾਵਾਂ ’ਚ ਸੁਧਾਰ ਕਰਨ ਲਈ ਵਚਨਬੱਧ ਹੈ ਪਰ ਤਨਖਾਹ ਵਿਵਾਦਾਂ ਦੇ ਵਿਚਕਾਰ ਮਈ ਤੋਂ ਉਨ੍ਹਾਂ ਨੂੰ ਹਫੜਾ-ਦਫੜੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਸਬੰਧੀ ਟ੍ਰਾਂਸਪੋਰਟ ਸਕਾਟਲੈਂਡ ਨੇ ਵੀ ਕਿਹਾ ਹੈ ਕਿ ਉਹ ਜਨਤਕ ਮਲਕੀਅਤ ਵਾਲੀ ਸਕਾਟਰੇਲ ਨੂੰ ਸਫਲ ਬਣਾਉਣ 'ਤੇ ਕੇਂਦ੍ਰਿਤ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            