ਸਕਾਟਲੈਂਡ : ਕੋਪ 26 ਦੇ ਮੱਦੇਨਜ਼ਰ ਪੁਲਸ ਦੇ ਗੋਤਾਖੋਰਾਂ ਵੱਲੋਂ ਕਲਾਈਡ ਨਦੀ ’ਚ ਤਲਾਸ਼ੀ ਮੁਹਿੰਮ ਸ਼ੁਰੂ
Tuesday, Sep 28, 2021 - 04:46 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਸਰਕਾਰ ਵੱਲੋਂ ਗਲਾਸਗੋ ਸ਼ਹਿਰ ’ਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹਰ ਪੱਖੋਂ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਹੀ ਹਿੱਸੇ ਵਜੋਂ ਪੁਲਸ ਦੇ ਗੋਤਾਖੋਰ ਕਲਾਈਡ ਨਦੀ ਦੇ ਪਾਣੀਆਂ ’ਚ ਖੋਜ ਮੁਹਿੰਮ ਸ਼ੁਰੂ ਕਰ ਰਹੇ ਹਨ। 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਤੋਂ ਪਹਿਲਾਂ ਮਾਹਿਰ ਅਧਿਕਾਰੀ ਸੀਮਤ ਥਾਵਾਂ ’ਤੇ ਖੋਜ ਕਰਨ ਦੇ ਨਾਲ -ਨਾਲ ਪਾਣੀ ਦੇ ਅੰਦਰ ਦੀ ਫੁਟੇਜ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਅਧਿਕਾਰੀ ਨਦੀ ਤੇ ਇਸ ਦੇ ਕਿਨਾਰਿਆਂ ’ਤੇ ਗਸ਼ਤ ਵੀ ਕਰਨਗੇ।
ਸੁਰੱਖਿਆ ਦੇ ਮੱਦੇਨਜ਼ਰ ਸਕਾਟਲੈਂਡ ਪੁਲਸ ਨੇ ਕਿਸੇ ਵੀ ਵਿਅਕਤੀ ਨੂੰ ਜੋ ਗਲਾਸਗੋ ਦੇ ਜਲ ਮਾਰਗਾਂ ਦੇ ਆਲੇ-ਦੁਆਲੇ ਕੋਈ ਅਸਾਧਾਰਨ ਚੀਜ਼ ਵੇਖਦਾ ਹੈ, ਉਸ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਸੁਰੱਖਿਆ ਮੁਹਿੰਮਾਂ ਦੇ ਚਲਦਿਆਂ ਕੋਪ 26 ਲਈ ਸਕਾਟਲੈਂਡ ਪੁਲਸ ਮੈਰੀਟਾਈਮ ਸਕਿਓਰਿਟੀ ਦੇ ਸੁਪਰਡੈਂਟ ਸਟੀਵੀ ਇਰਵਿਨ ਅਨੁਸਾਰ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਗੋਤਾਖੋਰ ਕੋਪ 26 ਚੱਲਣ ਤੱਕ ਕਲਾਈਡ ਨਦੀ ਦੇ ਖੇਤਰਾਂ ’ਚ ਗਸ਼ਤ ਅਤੇ ਤਲਾਸ਼ੀ ਕਰਨਗੇ।