ਸਕਾਟਲੈਂਡ: ਕੋਰੋਨਾ ਦੌਰਾਨ ਮਾਨਸਿਕ ਸਮੱਸਿਆ ਦੀਆਂ ਲੱਗਭਗ 25,000 ਕਾਲਾਂ ਨੂੰ ਨਹੀਂ ਮਿਲਿਆ ਜਵਾਬ
Friday, Mar 19, 2021 - 01:55 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੌਰਾਨ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਵਿੱਚ ਭਾਰੀ ਵਾਧਾ ਹੋਇਆ ਹੈ ਪਰ ਇਸ ਸੰਬੰਧ ਵਿੱਚ ਸਕਾਟਿਸ਼ ਲੇਬਰ ਪਾਰਟੀ ਅਨੁਸਾਰ ਮਹਾਮਾਰੀ ਦੌਰਾਨ ਇੱਕ ਐੱਨ ਐੱਚ ਐੱਸ ਮਾਨਸਿਕ ਸਿਹਤ ਸੰਕਟ ਹੱਬ ਫੋਨਲਾਈਨ 'ਤੇ ਲਗਭਗ 25,000 ਕਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ।
ਲੇਬਰ ਪਾਰਟੀ ਦੇ ਨੇਤਾ ਅਨਸ ਸਰਵਰ ਨੇ ਵੀਰਵਾਰ ਨੂੰ ਫਸਟ ਮਨਿਸਟਰ ਦੇ ਪ੍ਰਸ਼ਨਾਂ ਦੌਰਾਨ ਸਰਕਾਰ ਨੂੰ ਮਾਨਸਿਕ ਸਿਹਤ ਬਾਰੇ ਵਧੇਰੇ ਉਪਰਾਲੇ ਕਰਨ ਦੀ ਅਪੀਲ ਕੀਤੀ। ਐੱਨ ਐੱਚ ਐੱਸ 24 ਮਾਨਸਿਕ ਸਿਹਤ ਕੇਂਦਰ ਦਾ ਹਵਾਲਾ ਦਿੰਦੇ ਹੋਏ, ਸਰਵਰ ਨੇ ਕਿਹਾ ਕਿ ਗ਼ੈਰ-ਜਵਾਬੀ ਕਾਲਾਂ ਦੀ ਗਿਣਤੀ ਪਿਛਲੇ ਸਾਲ ਮਾਰਚ ਵਿੱਚ 133 ਤੋਂ ਵਧ ਕੇ ਜਨਵਰੀ 2021 ਵਿੱਚ 5,452 ਹੋ ਗਈ ਹੈ ਜੋ ਕਿ 40 ਗੁਣਾ ਤੋਂ ਵੱਧ ਹੈ। ਇਸ ਦੇ ਇਲਾਵਾ ਸਕਾਟਿਸ਼ ਲੇਬਰ ਪਾਰਟੀ ਨੂੰ "ਫਰੀਡਮ ਆਫ ਇਨਫਰਮੇਸ਼ਨ" ਤਹਿਤ ਮਿਲੇ ਅੰਕੜਿਆਂ ਅਨੁਸਾਰ ਮਹਾਮਾਰੀ ਦੌਰਾਨ 24,947 ਕਾਲਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ 'ਚ ਪੁਲਸ ਕਾਫਲੇ 'ਤੇ ਹਮਲਾ, 13 ਪੁਲਸ ਕਰਮੀਆਂ ਦੀ ਮੌਤ
ਸਰਵਰ ਨੇ ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਸੇਵਾਵਾਂ ਦੇ ਇੰਤਜ਼ਾਰ ਦੇ ਸਮੇਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ 1500 ਲੋਕਾਂ ਨੇ ਆਪਣੀ ਸਹਾਇਤਾ ਲਈ ਇੱਕ ਸਾਲ ਤੋਂ ਵੀ ਵੱਧ ਉਡੀਕ ਕੀਤੀ ਹੈ। ਨਿਕੋਲਾ ਸਟਰਜਨ ਨੇ ਮਾਨਸਿਕ ਸਿਹਤ ਦੇ ਸੰਬੰਧ ਵਿੱਚ ਸਰਕਾਰ ਦੀ ਹਿਫਾਜ਼ਤ ਕਰਦਿਆਂ ਗ਼ੈਰ-ਜਵਾਬੀ ਕਾਲਾਂ ਨੂੰ ਨਾ ਮਨਜ਼ੂਰ ਦੱਸਿਆ। ਸਟਰਜਨ ਅਨੁਸਾਰ ਸਰਕਾਰ ਛੇਤੀ ਹੀ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਵਧੇਰੇ ਨਿਵੇਸ਼ ਅਤੇ ਸੁਧਾਰ ਕਰ ਰਹੀ ਹੈ।