ਸਕਾਟਲੈਂਡ : ਨਿਕੋਲਾ ਸਟਰਜਨ ਨੇ ਮੁੜ ਸਾਂਭਿਆ ਫਸਟ ਮਨਿਸਟਰ ਵਜੋਂ ਸਿਆਸੀ ਮੈਦਾਨ

Wednesday, May 19, 2021 - 12:26 PM (IST)

ਸਕਾਟਲੈਂਡ : ਨਿਕੋਲਾ ਸਟਰਜਨ ਨੇ ਮੁੜ ਸਾਂਭਿਆ ਫਸਟ ਮਨਿਸਟਰ ਵਜੋਂ ਸਿਆਸੀ ਮੈਦਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਹੋਈਆਂ ਹੋਲੀਰੂਡ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੱਤਾ ਦੀ ਵਾਗਡੋਰ ਇੱਕ ਵਾਰ ਫਿਰ ਨਿਕੋਲਾ ਸਟਰਜਨ ਦੇ ਹੱਥਾਂ ’ਚ ਆ ਗਈ ਹੈ। ਨਿਕੋਲਾ ਸਟਰਜਨ ਨੂੰ ਮੰਗਲਵਾਰ ਦੇ ਦਿਨ ਐੱਮ. ਐੱਸ. ਪੀਜ਼. ਵੱਲੋਂ ਇੱਕ ਹੋਰ ਕਾਰਜਕਾਲ ਲਈ ਅਧਿਕਾਰਤ ਤੌਰ ’ਤੇ ਫਸਟ ਮਨਿਸਟਰ ਵਜੋਂ  ਚੁਣਿਆ ਗਿਆ ਹੈ। ਸਟਰਜਨ ਨੇ ਹੋਲੀਰੂਡ ਵਿਖੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਇਹ ਅਹੁਦਾ ਆਪਣੇ ਨਾਂ ਕੀਤਾ ਹੈ। ਇੱਕ ਹੋਰ ਕਾਰਜਕਾਲ ਲਈ ਸਕਾਟਲੈਂਡ ਦੀ ਸਿਆਸਤ ’ਚ ਇਸ ਅਹੁਦੇ ’ਤੇ ਕਾਬਜ਼ ਹੁੰਦਿਆਂ ਸਟਰਜਨ ਨੇ ਕਿਹਾ ਕਿ ਉਸ ਦੀ ਪਹਿਲ ਮਹਾਮਾਰੀ ਦੇ ਸਮੇਂ ਸਕਾਟਲੈਂਡ ਦੀ ਅਗਵਾਈ ਕਰਨ ਦੇ ਨਾਲ ਆਰਥਿਕਤਾ, ਸਿਹਤ ਸੇਵਾ ਅਤੇ ਸਮਾਜ ਦਾ ਮੁੜ ਨਿਰਮਾਣ ਕਰਨਾ ਹੈ। ਸਟਰਜਨ ਅਨੁਸਾਰ ਪਹਿਲੀ ਮੰਤਰੀ ਬਣਨਾ ਇੱਕ ਅਧਿਕਾਰ ਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਫਰਜ਼ ਹੈ। ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹੈ। ਸਟਰਜਨ ਦੀ ਪਾਰਟੀ ਨੇ 6 ਮਈ ਨੂੰ ਹੋਈਆਂ ਚੋਣਾਂ ’ਚ 129 ’ਚੋਂ 64 ਸੀਟਾਂ ਜਿੱਤੀਆਂ ਸਨ। ਸਟਰਜਨ ਦੀ ਨਾਮਜ਼ਦਗੀ ਹੁਣ ਬੁੱਧਵਾਰ ਨੂੰ ਕੋਰਟ ਆਫ਼ ਸੈਸ਼ਨ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ, ਮਹਾਰਾਣੀ ਕੋਲ ਪ੍ਰਵਾਨਗੀ ਲਈ ਅੱਗੇ ਜਾਵੇਗੀ।


author

Manoj

Content Editor

Related News