ਸਕਾਟਲੈਂਡ: ਨਿਕੋਲਾ ਸਟਰਜਨ ਨੇ ਟੇਕਵੇਅ ਸੇਵਾਵਾਂ ਬਾਰੇ ਤਾਲਾਬੰਦੀ ਨਿਯਮਾਂ ''ਚ ਕੀਤੀ ਹੋਰ ਸਖ਼ਤੀ
Thursday, Jan 14, 2021 - 01:02 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਜਾਰੀ ਕੋਰੋਨਾ ਵਾਇਰਸ ਤਾਲਾਬੰਦੀ ਤਹਿਤ ਲੋਕਾਂ ਨੂੰ ਸਖਤ ਨਿਯਮਾਂ ਤਹਿਤ ਰੱਖਿਆ ਗਿਆ ਹੈ ਪਰ ਇਹਨਾਂ ਪਾਬੰਦੀਆਂ ਦੇ ਬਾਵਜੂਦ ਵੀ ਲੋਕ ਕਈ ਖੇਤਰਾਂ ਜਿਵੇਂ ਕਿ ਰੈਸਟੋਰੈਂਟਾਂ, ਬਾਰਾਂ ਆਦਿ ਵਿੱਚ ਸ਼ਿਰਕਤ ਕਰਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਵਾਇਰਸ ਫੈਲਣ ਦੇ ਖਤਰੇ ਨੂੰ ਘੱਟ ਕਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਤਾਲਾਬੰਦੀ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਸਕਾਟਿਸ਼ ਲੋਕਾਂ ਦੇ ਟੇਕਵੇਅ ਸੇਵਾਵਾਂ ਲੈਣ 'ਤੇ ਪਾਬੰਦੀ ਲਗਾਈ ਹੈ।
ਇਹਨਾਂ ਨਿਯਮਾਂ ਤਹਿਤ ਫਾਸਟ ਫੂਡ, ਕੌਫੀ ਜਾਂ ਹੋਰ ਸੰਬੰਧਿਤ ਖੇਤਰਾਂ ਵਿੱਚ ਜਾ ਕੇ ਕਿਸੇ ਤਰ੍ਹਾਂ ਦੀ ਸੇਵਾ ਲੈਣ 'ਤੇ ਸ਼ਨੀਵਾਰ ਤੋਂ ਪਾਬੰਦੀ ਹੋਵੇਗੀ। ਜਦਕਿ ਇਸ ਦੌਰਾਨ ਟੇਕਵੇਅ ਹਾਲੇ ਵੀ ਘਰੇਲੂ ਡਿਲੀਵਰੀ ਜਾਂ ਦੁਕਾਨਾਂ 'ਤੇ ਖਿੜਕੀਆਂ ਰਾਹੀਂ ਡਿਲੀਵਰੀ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦਾ ਹੈ ਪਰ ਗ੍ਰਾਹਕਾਂ ਨੂੰ ਹੁਣ ਖਾਣਾ ਖਾਣ ਜਾਂ ਕੌਫੀ ਆਦਿ ਪੀਣ ਲਈ ਕਿਸੇ ਰੈਸਟੋਰੈਂਟ ਆਦਿ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਇੰਨਾ ਹੀ ਨਹੀ ਇਹਨਾਂ ਨਿਯਮਾਂ ਤਹਿਤ ਬਾਹਰ ਜਾ ਕੇ ਸ਼ਰਾਬ ਪੀਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ H1B ਵੀਜ਼ਾ 'ਚ ਕੀਤੀ ਸੋਧ, ਹੁਣ ਹੁਨਰਮੰਦ ਕਾਮਿਆਂ ਨੂੰ ਮਿਲੇਗੀ ਪਹਿਲ
ਇਸ ਦੇ ਇਲਾਵਾ 'ਕਲਿਕ ਐਂਡ ਕੁਲੈਕਟ' ਸੇਵਾਵਾਂ ਵੀ ਇਸ ਹਫਤੇ ਤੋਂ ਜ਼ਰੂਰੀ ਚੀਜ਼ਾਂ ਵਸਤਾਂ ਜਿਵੇਂ ਕਿ ਕੱਪੜੇ, ਜੁੱਤੀਆਂ, ਬੱਚਿਆ ਅਤੇ ਘਰ ਦਾ ਜਰੂਰੀ ਸਮਾਨ ਅਤੇ ਕਿਤਾਬਾਂ ਆਦਿ ਨੂੰ ਛੱਡ ਕੇ ਬੰਦ ਹੋਣਗੀਆਂ। ਇਹਨਾਂ ਨਵੇਂ ਉਪਾਵਾਂ ਹੇਠ ਸਰਕਾਰ ਦੀ ਲੋਕਾਂ ਨੂੰ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਰਹਿਣ ਦੀ ਅਪੀਲ ਹੈ ਅਤੇ ਘਰ ਤੋਂ ਹੀ ਕੰਮ ਕਰਨ ਦੇ ਵੀ ਆਦੇਸ਼ ਹਨ, ਜਦਕਿ ਘਰ ਤੋਂ ਬਾਹਰ ਸਿਰਫ ਬਹੁਤ ਜਰੂਰੀ ਕਾਰਨ ਕਰਕੇ ਹੀ ਨਿਕਲਿਆ ਜਾਵੇਗਾ। ਇਹਨਾਂ ਸਖ਼ਤ ਨਿਯਮਾਂ ਪਿੱਛੇ ਸਰਕਾਰ ਦਾ ਮੰਤਵ ਵਾਇਰਸ ਦੀ ਵੱਧ ਰਹੀ ਲਾਗ ਨੂੰ ਕਾਬੂ ਕਰਕੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ। ਇਸ ਲਈ ਸਰਕਾਰ ਦੁਆਰਾ ਇਸ ਤਾਲਾਬੰਦੀ ਦੇ ਨਿਯਮਾਂ ਨੂੰ ਬਣਾਈ ਰੱਖਣ ਲਈ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।